ਤਾਜਾ ਖਬਰਾਂ
ਵਾਰਾਣਸੀ-ਪ੍ਰਯਾਗਰਾਜ ਰਾਸ਼ਟਰੀ ਰਾਜਮਾਰਗ 'ਤੇ ਮਿਰਜ਼ਾਮੁਰਾਦ ਥਾਣਾ ਖੇਤਰ ਦੇ ਰੂਪਾਪੁਰ ਓਵਰਬ੍ਰਿਜ 'ਤੇ ਸੋਮਵਾਰ ਤੜਕੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਵਿੰਧਿਆਚਲ ਧਾਮ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਖੜ੍ਹੀ ਸਕਾਰਪੀਓ (ਯੂਪੀ 65 ਈਬੀ 2199) ਨੂੰ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਬੇਕਾਬੂ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਇਸ ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ, ਸਕਾਰਪੀਓ ਗੱਡੀ ਵਿੱਚ ਕੁੱਲ 8 ਲੋਕ ਸਵਾਰ ਸਨ। ਸੋਮਵਾਰ ਸਵੇਰੇ ਲਗਭਗ 6 ਵਜੇ ਜਿਵੇਂ ਹੀ ਉਹ ਰੂਪਾਪੁਰ ਓਵਰਬ੍ਰਿਜ 'ਤੇ ਪਹੁੰਚੇ, ਤਾਂ ਉਨ੍ਹਾਂ ਨੇ ਤਸਵੀਰਾਂ ਅਤੇ ਸੈਲਫੀ ਲੈਣ ਲਈ ਗੱਡੀ ਪੁਲ 'ਤੇ ਹੀ ਰੋਕ ਲਈ। ਸਾਰੇ ਲੋਕ ਗੱਡੀ ਤੋਂ ਉਤਰ ਕੇ ਫੋਟੋਆਂ ਖਿੱਚਣ ਵਿੱਚ ਮਸਰੂਫ਼ ਸਨ ਕਿ ਪ੍ਰਯਾਗਰਾਜ ਵੱਲੋਂ ਆ ਰਹੇ ਇੱਕ ਅਨਿਯੰਤਰਿਤ ਟਰੱਕ ਨੇ ਉਨ੍ਹਾਂ ਦੀ ਗੱਡੀ ਨੂੰ ਚਪੇਟ ਵਿੱਚ ਲੈ ਲਿਆ। ਟੱਕਰ ਏਨੀ ਭਿਆਨਕ ਸੀ ਕਿ ਸਕਾਰਪੀਓ ਦੇ ਪਰਖੱਚੇ ਉੱਡ ਗਏ।
ਹਾਦਸੇ ਦੇ ਧਮਾਕੇ ਵਰਗੀ ਆਵਾਜ਼ ਸੁਣ ਕੇ ਆਸ-ਪਾਸ ਦੇ ਗ੍ਰਾਮੀਣ ਅਤੇ ਰਾਹਗੀਰ ਮੌਕੇ 'ਤੇ ਇਕੱਠੇ ਹੋ ਗਏ। ਘਟਨਾ ਤੋਂ ਬਾਅਦ ਓਵਰਬ੍ਰਿਜ 'ਤੇ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਦੀ ਸੂਚਨਾ 'ਤੇ ਪਹੁੰਚੀ ਮਿਰਜ਼ਾਮੁਰਾਦ ਥਾਣਾ ਪੁਲਿਸ ਨੇ ਗੱਡੀ 'ਚ ਫਸੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਟਰਾਮਾ ਸੈਂਟਰ ਭੇਜਿਆ, ਜਿੱਥੇ ਇੱਕ ਜ਼ਖਮੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪੁਲਿਸ ਨੇ ਚਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਵਿੱਚ ਸ਼ਾਮਲ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸ਼ਨਾਖਤ ਕਰਨ ਦੇ ਨਾਲ-ਨਾਲ ਮਾਮਲੇ ਦੀ ਅਗਲੇਰੀ ਕਾਨੂੰਨੀ ਛਾਣਬੀਣ ਕਰ ਰਹੀ ਹੈ।
Get all latest content delivered to your email a few times a month.