IMG-LOGO
ਹੋਮ ਪੰਜਾਬ: ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਲਈ 11 ਕਰੋੜ ਰੁਪਏ ਮਨਜ਼ੂਰ,...

ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਲਈ 11 ਕਰੋੜ ਰੁਪਏ ਮਨਜ਼ੂਰ, 10 ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗਾ ਲਾਭ: ਡਾ. ਬਲਜੀਤ ਕੌਰ

Admin User - Oct 18, 2026 05:52 PM
IMG

ਪੰਜਾਬ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਿੰਚਾਈ ਦੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ 11 ਕਰੋੜ ਰੁਪਏ ਦੀ ਲਾਗਤ ਨਾਲ ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਇਸ ਉਪਰਾਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕੀਤਾ।

ਪਿੰਡ ਬੱਲਮਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਪਹੁੰਚੇ ਡਾ. ਬਲਜੀਤ ਕੌਰ ਦਾ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਪ੍ਰੋਜੈਕਟ ਦੀ ਸ਼ੁਰੂਆਤ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਹਜ਼ਾਰਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਮੌਜੂਦਾ ਇੱਟਾਂ ਦੀ ਲਾਈਨਿੰਗ ਦੀ ਥਾਂ ਮਜ਼ਬੂਤ ਕੰਕਰੀਟ ਦੀ ਲਾਈਨਿੰਗ ਕੀਤੀ ਜਾਵੇਗੀ। ਲਗਭਗ 54,000 ਫੁੱਟ ਲੰਬੇ ਨਹਿਰੀ ਹਿੱਸੇ ਨੂੰ ਆਧੁਨਿਕ ਬਣਾਉਣ ਨਾਲ ਪਾਣੀ ਦਾ ਰਿਸਾਅ ਘਟੇਗਾ ਅਤੇ ਖੇਤਾਂ ਤੱਕ ਪਾਣੀ ਦੀ ਸਪਲਾਈ ਵਧੇਰੇ ਸੁਚਾਰੂ ਤੇ ਬਰਾਬਰ ਢੰਗ ਨਾਲ ਹੋ ਸਕੇਗੀ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਲਾਭ ਸੱਦਰਵਾਲਾ, ਮੌੜ, ਬਧਾਈ, ਚੱਕ ਬਧਾਈ, ਬੱਲਮਗੜ੍ਹ, ਰਾਮਗੜ੍ਹ ਚੁੰਗਾ, ਜਾਨੀਸਰ, ਭਾਗਸਰ, ਚੱਕ ਮਦਰੱਸਾ ਅਤੇ ਮਹਾਂਭੱਦਰ ਸਮੇਤ 10 ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗਾ। ਨਹਿਰੀ ਪ੍ਰਬੰਧ ਵਿੱਚ ਸੁਧਾਰ ਹੋਣ ਨਾਲ ਕਿਸਾਨਾਂ ਨੂੰ ਸਮੇਂ ਸਿਰ ਸਿੰਚਾਈ ਲਈ ਪਾਣੀ ਮਿਲੇਗਾ ਅਤੇ ਪਾਣੀ ਦੀ ਬਰਬਾਦੀ ਨੂੰ ਵੀ ਰੋਕਣ ਵਿੱਚ ਮਦਦ ਮਿਲੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ, ਖੇਤੀਬਾੜੀ ਦੇ ਵਿਕਾਸ ਅਤੇ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਮੁਤਾਬਕ ਵਿਕਾਸ ਕਾਰਜਾਂ ਨੂੰ ਪਾਰਦਰਸ਼ਤਾ ਅਤੇ ਨਿਰਧਾਰਤ ਸਮੇਂ ਅੰਦਰ ਪੂਰਾ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸੂਬੇ ਦੇ ਹਰ ਪਿੰਡ ਅਤੇ ਕਿਸਾਨ ਤੱਕ ਵਿਕਾਸ ਦਾ ਲਾਭ ਪਹੁੰਚਾਉਣਾ ਹੈ। ਨਿਊ ਚੌਂਤਰਾ ਮਾਈਨਰ ਦੀ ਰੀਲਾਈਨਿੰਗ ਨਾਲ ਸਿੰਚਾਈ ਪ੍ਰਬੰਧ ਮਜ਼ਬੂਤ ਹੋਣ ਦੇ ਨਾਲ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਆਉਣ ਦੀ ਉਮੀਦ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.