ਤਾਜਾ ਖਬਰਾਂ
ਦੇਸ਼ ਸੇਵਾ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਫ਼ੌਜ ਵੱਲੋਂ 'ਅਗਨੀਪਥ' ਯੋਜਨਾ ਤਹਿਤ ਅਗਨੀਵੀਰ ਭਰਤੀ ਰੈਲੀ ਦਾ ਆਯੋਜਨ 14 ਨਵੰਬਰ ਤੋਂ 22 ਨਵੰਬਰ 2026 ਤੱਕ ਜਲੰਧਰ ਦੇ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਵਿਖੇ ਕੀਤਾ ਜਾ ਰਿਹਾ ਹੈ। ਇਸ ਰੈਲੀ ਦੌਰਾਨ ਲਗਭਗ 6,000 ਤੋਂ ਅਧਿਕ ਚੁਣੇ ਹੋਏ ਉਮੀਦਵਾਰ ਆਪਣੀ ਸਰੀਰਕ ਸਮਰੱਥਾ ਦਾ ਪ੍ਰਦਰਸ਼ਨ ਕਰਨਗੇ।
ਮਿਲੀ ਜਾਣਕਾਰੀ ਅਨੁਸਾਰ, ਇਸ ਭਰਤੀ ਰੈਲੀ ਵਿੱਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਤਰਨਤਾਰਨ ਅਤੇ ਸ਼ਹੀਦ ਭਗਤ ਸਿੰਘ ਨਗਰ (ਐਸ.ਬੀ.ਐਸ. ਨਗਰ) ਦੇ ਉਹ ਉਮੀਦਵਾਰ ਸ਼ਾਮਲ ਹੋਣਗੇ ਜਿਨ੍ਹਾਂ ਨੇ ਸਾਂਝੀ ਪ੍ਰਵੇਸ਼ ਪ੍ਰੀਖਿਆ (CEE) ਸਫ਼ਲਤਾਪੂਰਵਕ ਪਾਸ ਕੀਤੀ ਹੈ। ਇਸ ਤੋਂ ਇਲਾਵਾ, ਪੰਜਾਬ ਦੇ ਨਾਲ-ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ਾਂ—ਜੰਮੂ-ਕਸ਼ਮੀਰ ਅਤੇ ਲੱਦਾਖ ਦੀਆਂ ਯੋਗ ਮਹਿਲਾ ਉਮੀਦਵਾਰਾਂ ਨੂੰ ਵੀ ਫ਼ੌਜ 'ਚ ਸ਼ਾਮਲ ਹੋਣ ਦਾ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ।
ਉਮੀਦਵਾਰਾਂ ਦੀ ਯੋਗਤਾ ਅਤੇ ਸਰੀਰਕ ਸਮਰੱਥਾ ਪਰਖਣ ਲਈ ਕਈ ਪੜਾਵਾਂ 'ਚ ਟੈਸਟ ਲਏ ਜਾਣਗੇ:
1.6 ਕਿਲੋਮੀਟਰ ਦੀ ਦੌੜ ਰਾਹੀਂ ਸਹਿਣਸ਼ੀਲਤਾ (Endurance) ਅਤੇ ਬੀਮ ਟੈਸਟ ਰਾਹੀਂ ਸਰੀਰ ਦੇ ਉੱਪਰਲੇ ਹਿੱਸੇ ਦੀ ਤਾਕਤ ਜਾਚੀ ਜਾਵੇਗੀ।
ਉਮੀਦਵਾਰਾਂ ਦੇ ਕੱਦ, ਭਾਰ ਅਤੇ ਹੋਰ ਨਿਰਧਾਰਤ ਮਾਪਦੰਡਾਂ ਦੀ ਬਾਰੀਕੀ ਨਾਲ ਸਮੀਖਿਆ ਹੋਵੇਗੀ।
ਸਰੀਰਕ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਹੀ ਡਾਕਟਰੀ ਮੁਆਇਨਾ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਅੰਤਿਮ ਯੋਗਤਾ ਯਕੀਨੀ ਬਣਾਈ ਜਾ ਸਕੇ।
ਭਾਰਤੀ ਫ਼ੌਜ ਨੇ ਸਪੱਸ਼ਟ ਕੀਤਾ ਹੈ ਕਿ ਪੂਰੀ ਭਰਤੀ ਪ੍ਰਕਿਰਿਆ ਪੂਰਨ ਤੌਰ 'ਤੇ ਨਿਯਮਾਂ ਅਨੁਸਾਰ, ਪਾਰਦਰਸ਼ੀ ਅਤੇ ਯੋਗਤਾ (Merit) 'ਤੇ ਆਧਾਰਿਤ ਹੋਵੇਗੀ।
ਫ਼ੌਜੀ ਅਧਿਕਾਰੀਆਂ ਨੇ ਕਿਹਾ "ਕੋਈ ਵੀ ਏਜੰਟ ਜਾਂ ਦਲਾਲ ਫ਼ੌਜ ਵਿੱਚ ਭਰਤੀ ਕਰਵਾਉਣ ਦੀ ਗਾਰੰਟੀ ਨਹੀਂ ਦੇ ਸਕਦਾ। ਉਮੀਦਵਾਰ ਅਤੇ ਉਨ੍ਹਾਂ ਦੇ ਪਰਿਵਾਰ ਅਜਿਹੇ ਸ਼ਰਾਰਤੀ ਅਨਸਰਾਂ ਦੀਆਂ ਗੱਲਾਂ ਵਿੱਚ ਆ ਕੇ ਪੈਸੇ ਦੀ ਠੱਗੀ ਦਾ ਸ਼ਿਕਾਰ ਨਾ ਹੋਣ। ਜੇਕਰ ਕੋਈ ਪੈਸਿਆਂ ਦੀ ਮੰਗ ਕਰਦਾ ਹੈ, ਤਾਂ ਤੁਰੰਤ ਭਰਤੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।"
ਜ਼ਰੂਰੀ ਹਦਾਇਤਾਂ
ਉਮੀਦਵਾਰ ਅਧਿਕਾਰਤ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨ ਅਤੇ ਸਾਰੇ ਲੋੜੀਂਦੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣ।
ਦਸਤਾਵੇਜ਼ਾਂ ਦੀ ਪੂਰੀ ਜਾਣਕਾਰੀ ਲਈ ਜਾਰੀ ਕੀਤੇ ਗਏ QR ਕੋਡ ਨੂੰ ਸਕੈਨ ਕੀਤਾ ਜਾ ਸਕਦਾ ਹੈ।
ਫ਼ੌਜ ਨੇ ਸਾਰੇ ਯੋਗ ਨੌਜਵਾਨਾਂ ਅਤੇ ਖ਼ਾਸ ਕਰਕੇ ਮਹਿਲਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਧ-ਚੜ੍ਹ ਕੇ ਇਸ ਰੈਲੀ ਵਿੱਚ ਹਿੱਸਾ ਲੈਣ ਅਤੇ ਦੇਸ਼ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ।
Get all latest content delivered to your email a few times a month.