ਤਾਜਾ ਖਬਰਾਂ
ਸੰਜੀਵ ਜਿੰਦਲ
ਮਾਨਸਾ, 17 ਅਕਤੂਬਰ : ਪਰਵਿੰਦਰ ਸਿੰਘ ਝੋਟਾ ਕਤਲ ਕਾਂਡ ਨੇ ਮਾਨਸਾ ਦਾ ਮਾਹੌਲ ਭਖਾ ਦਿੱਤਾ ਹੈ। ਅੱਜ ਮਾਨਸਾ ਦੇ ਸਿਵਲ ਹਸਪਤਾਲ 'ਚ ਉਸ ਵੇਲੇ ਤਣਾਅ ਦੀ ਸਥਿਤੀ ਬਣ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਵਿਜੇ ਸਿੰਗਲਾ ਜ਼ਖਮੀਆਂ ਦਾ ਹਾਲ-ਚਾਲ ਪੁੱਛ ਕੇ ਬਾਹਰ ਨਿਕਲ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਡਾ. ਵਿਜੇ ਸਿੰਗਲਾ ਸਿਵਲ ਹਸਪਤਾਲ 'ਚ ਦਾਖਲ ਦੋ ਜ਼ਖਮੀਆਂ ਨੂੰ ਮਿਲਣ ਆਏ ਸਨ। ਜਿਵੇਂ ਹੀ ਉਹ ਮਿਲ ਕੇ ਆਪਣੀ ਗੱਡੀ ਵੱਲ ਜਾਣ ਲੱਗੇ, ਪਹਿਲਾਂ ਤੋਂ ਹੀ ਹਸਪਤਾਲ 'ਚ ਮੌਜੂਦ ਪਰਵਿੰਦਰ ਸਿੰਘ ਝੋਟਾ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ।ਸਮਰਥਕਾਂ ਨੇ ਗੱਡੀ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਅਤੇ ਵਿਧਾਇਕ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਾਫੀ ਦੇਰ ਤੱਕ ਹੰਗਾਮਾ ਹੁੰਦਾ ਰਿਹਾ।
ਝੋਟਾ ਦੇ ਸਮਰਥਕ ਜਗਸੀਰ ਸਿੰਘ ਸੀਰਾ ਅਤੇ ਨਿਹੰਗ ਸਿੰਘਾਂ ਦਾ ਕਹਿਣਾ ਸੀ ਕਿ ਹਸਪਤਾਲ 'ਚ ਸਭ ਕੁਝ ਸ਼ਾਂਤਮਈ ਚੱਲ ਰਿਹਾ ਹੈ, ਇੱਥੇ ਆ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਸਵਾਲ ਚੁੱਕਿਆ ਕਿ ਵਿਧਾਇਕ ਡਾ. ਵਿਜੇ ਸਿੰਗਲਾ ਇੱਥੇ ਕਿਉਂ ਆਏ ਹਨ ?
ਜਗਸੀਰ ਸਿੰਘ ਸੀਰਾ ਨੇ ਤਾਂ ਸਿੱਧਾ ਹਮਲਾ ਬੋਲਦਿਆਂ ਕਿਹਾ - "ਸਾਢੇ ਚਾਰ ਸਾਲ ਪਹਿਲਾਂ ਜਦੋਂ ਡਾ. ਸਿੰਗਲਾ ਸਿਹਤ ਮੰਤਰੀ ਸਨ, ਉਦੋਂ ਵੀ ਉਨ੍ਹਾਂ ਦੇ ਸਾਹਮਣੇ ਚਿੱਟਾ ਲਿਆ ਕੇ ਰੱਖਿਆ ਗਿਆ ਸੀ। ਅੱਜ ਤੱਕ ਨਸ਼ਾ ਖਤਮ ਨਹੀਂ ਹੋਇਆ। ਇਹ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।"
ਜਦੋਂ ਇਹ ਹੰਗਾਮਾ ਹੋਇਆ, ਉਸ ਵੇਲੇ ਵਿਧਾਇਕ ਡਾ. ਸਿੰਗਲਾ ਦੇ ਨਾਲ ਮਾਨਸਾ ਦੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ SSP ਵੈਭਵ ਚੌਧਰੀ ਵੀ ਮੌਜੂਦ ਸਨ। ਪੁਲਿਸ ਨੇ ਮੌਕੇ 'ਤੇ ਸਥਿਤੀ ਨੂੰ ਕਾਬੂ 'ਚ ਕੀਤਾ।ਫਿਲਹਾਲ ਹਸਪਤਾਲ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
Get all latest content delivered to your email a few times a month.