IMG-LOGO
ਹੋਮ ਪੰਜਾਬ: ਰਾਏਕੋਟ ’ਚ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ ’ਚ ਆਉਣ ਨਾਲ...

ਰਾਏਕੋਟ ’ਚ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ ’ਚ ਆਉਣ ਨਾਲ ਸਾਈਕਲ ਸਵਾਰ ਨੌਜਵਾਨ ਦੀ ਮੌਤ, ਟੈਕਸੀ ਚਾਲਕ ਨੇ ਪਿੱਛਾ ਕਰਕੇ ਮੁਲਜ਼ਮ ਨੂੰ ਫੜਿਆ

Admin User - Oct 17, 2026 03:34 PM
IMG

ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਵਿੱਚ ਸਰਦਾਰ ਹਰੀ ਸਿੰਘ ਨਲਵਾ ਚੌਂਕ ਨੇੜੇ ਇੱਕ ਸੜਕ ਹਾਦਸੇ ਵਿੱਚ 28 ਸਾਲਾ ਨੌਜਵਾਨ ਦੀ ਜਾਨ ਚਲੀ ਗਈ। ਇਹ ਹਾਦਸਾ ਬੀਤੀ ਸ਼ਾਮ ਕਰੀਬ 6 ਵਜੇ ਵਾਪਰਿਆ, ਜਦੋਂ ਸਾਈਕਲ ’ਤੇ ਜਾ ਰਹੇ ਇੱਕ ਨੌਜਵਾਨ ਨੂੰ ਤੇਜ਼ ਰਫ਼ਤਾਰ ਟਰਾਲੇ ਨੇ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਦੀ ਪੂਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।

ਹਾਦਸੇ ਮਗਰੋਂ ਟਰਾਲਾ ਚਾਲਕ ਮੌਕੇ ’ਤੇ ਰੁਕਣ ਦੀ ਬਜਾਏ ਵਾਹਨ ਲੈ ਕੇ ਮੁੱਲਾਂਪੁਰ ਦਾਖਾ ਵੱਲ ਫ਼ਰਾਰ ਹੋ ਗਿਆ। ਇਸ ਦੌਰਾਨ ਉੱਥੋਂ ਲੰਘ ਰਹੇ ਧਨੌਲਾ ਵਾਸੀ ਇੱਕ ਟੈਕਸੀ ਚਾਲਕ ਨੇ ਹਿੰਮਤ ਦਿਖਾਉਂਦਿਆਂ ਟਰਾਲੇ ਦਾ ਪਿੱਛਾ ਕੀਤਾ। ਉਸ ਨੇ ਮੁੱਲਾਂਪੁਰ ਦਾਖਾ ਪੁਲਿਸ ਥਾਣੇ ਦੇ ਨੇੜੇ ਟਰਾਲੇ ਨੂੰ ਰੋਕ ਲਿਆ ਅਤੇ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਮ੍ਰਿਤਕ ਦੀ ਪਛਾਣ ਸ਼ਗਨ ਕੁਮਾਰ (28), ਪੁੱਤਰ ਭੋਲਾ ਰਾਮ, ਵਾਸੀ ਡੇਡਾਸ਼ਾਹੀ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਉਹ ਮੌਜੂਦਾ ਸਮੇਂ ਰਾਏਕੋਟ ਦੀ ਸੰਧੂ ਕਲੋਨੀ, ਸੀਲੋਆਣੀ ਰੋਡ ’ਤੇ ਰਹਿੰਦਾ ਸੀ ਅਤੇ ਸ਼ਹਿਰ ਦੇ ਬਾਲਾ ਜੀ ਹੋਟਲ ਵਿੱਚ ਹਲਵਾਈ ਵਜੋਂ ਕੰਮ ਕਰਦਾ ਸੀ।

ਜਾਣਕਾਰੀ ਮੁਤਾਬਕ ਸ਼ਗਨ ਕੁਮਾਰ ਤਾਜਪੁਰ ਚੌਂਕ ਵੱਲੋਂ ਸਾਈਕਲ ’ਤੇ ਸਰਦਾਰ ਹਰੀ ਸਿੰਘ ਨਲਵਾ ਚੌਂਕ ਵੱਲ ਜਾ ਰਿਹਾ ਸੀ। ਜਦੋਂ ਉਹ ਬਾਲਾ ਜੀ ਹੋਟਲ ਦੇ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ ਵਿੱਚ ਆ ਗਿਆ। ਹਾਦਸਾ ਇੰਨਾ ਗੰਭੀਰ ਸੀ ਕਿ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਣ ’ਤੇ ਮ੍ਰਿਤਕ ਦਾ ਛੋਟਾ ਭਰਾ ਰਾਧੇ ਸ਼ਾਮ ਮੌਕੇ ’ਤੇ ਪਹੁੰਚਿਆ ਅਤੇ ਉਸ ਨੇ ਆਪਣੇ ਭਰਾ ਦੀ ਪਛਾਣ ਕੀਤੀ। ਉਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤੋਂ ਰਾਏਕੋਟ ਵਿੱਚ ਮਿਹਨਤ-ਮਜ਼ਦੂਰੀ ਕਰਕੇ ਗੁਜ਼ਾਰਾ ਕਰ ਰਿਹਾ ਸੀ। ਸ਼ਗਨ ਕੁਮਾਰ ਵਿਆਹਿਆ ਹੋਇਆ ਸੀ ਅਤੇ ਉਸ ਦੀ ਦੋ ਸਾਲ ਦੀ ਧੀ ਹੈ। ਇਸ ਤੋਂ ਇਲਾਵਾ ਉਸ ਦੀ ਪਤਨੀ ਗਰਭਵਤੀ ਹੈ। ਇਸ ਘਟਨਾ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਰਾਏਕੋਟ ਦੇ ਏਐੱਸਆਈ ਸੁਖਦੇਵ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕਰਨ ਤੋਂ ਬਾਅਦ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਜਗਰਾਓਂ ਦੇ ਮੁਰਦਾਘਰ ਵਿੱਚ ਭੇਜ ਦਿੱਤਾ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਹਾਦਸੇ ਲਈ ਜ਼ਿੰਮੇਵਾਰ ਚਾਲਕ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.