ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਜੁੜੇ 5 ਕਰੋੜ ਰੁਪਏ ਦੇ ਕਥਿਤ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਈਡੀ ਨੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਅਤੇ ਫ਼ਿਲਮ ਨਿਰਮਾਤਾ ਅਮਰਦੀਪ ਸਿੰਘ ਗਰੇਵਾਲ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਅਮਰਦੀਪ ਗਰੇਵਾਲ ਖ਼ਿਲਾਫ਼ ਜਾਂਚ ਏਜੰਸੀ ਵੱਲੋਂ ਪਹਿਲਾਂ ਹੀ ਲੁੱਕ-ਆਊਟ ਸਰਕੂਲਰ (LOC) ਜਾਰੀ ਕੀਤਾ ਗਿਆ ਸੀ। ਜਿਵੇਂ ਹੀ ਉਹ ਕੈਨੇਡਾ ਤੋਂ ਵਾਪਸ ਪਰਤਦਿਆਂ ਭਾਰਤ ਪਹੁੰਚਿਆ, ਤਾਂ ਹਵਾਈ ਅੱਡੇ ਉੱਤੇ ਹੀ ਏਜੰਸੀ ਦੇ ਅਧਿਕਾਰੀਆਂ ਨੇ ਉਸ ਨੂੰ ਘੇਰ ਲਿਆ। ਮੌਜੂਦਾ ਸਮੇਂ ਵਿੱਚ ਉਸ ਨੂੰ ਪੁੱਛਗਿੱਛ ਲਈ ਈਡੀ ਦੇ ਮੁੱਖ ਦਫ਼ਤਰ ਲਿਜਾਇਆ ਗਿਆ ਹੈ, ਜਿੱਥੇ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਮੁਤਾਬਕ ਅਮਰਦੀਪ ਸਿੰਘ ਗਰੇਵਾਲ ਮੈਸਰਜ਼ ਈਸਟ ਸਨਸ਼ਾਈਨ ਪ੍ਰੋਡਕਸ਼ਨ ਪ੍ਰਾਈਵੇਟ ਲਿਮਟਿਡ ਨਾਲ ਜੁੜਿਆ ਹੋਇਆ ਹੈ। ਉਹ ‘ਮੌਜਾਂ ਹੀ ਮੌਜਾਂ’ (2023) ਅਤੇ ‘ਸਨੋਮੈਨ’ (2022) ਵਰਗੀਆਂ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰ ਚੁੱਕਿਆ ਹੈ। ਜਾਂਚ ਏਜੰਸੀ ਹੁਣ ਇਸ ਗੱਲ ਦੀ ਵੀ ਬਾਰੀਕੀ ਨਾਲ ਪੜਤਾਲ ਕਰ ਰਹੀ ਹੈ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਵਿਦੇਸ਼ੀ ਨਿਰਮਾਣ ਅਤੇ ਰਿਲੀਜ਼ ਨਾਲ ਜੁੜੇ ਪ੍ਰੋਜੈਕਟਾਂ ਵਿੱਚ ਕਿਸ ਤਰ੍ਹਾਂ ਦੇ ਵਿੱਤੀ ਲੈਣ-ਦੇਣ ਹੋਏ ਹਨ।
ਜ਼ਿਕਰਯੋਗ ਹੈ ਕਿ ਇਹ ਪੂਰਾ ਵਿਵਾਦ ਅੰਮ੍ਰਿਤਸਰ ਵਿੱਚ ਦਰਜ ਇੱਕ ਜਬਰ-ਜ਼ਨਾਹ (ਰੇਪ) ਦੇ ਕੇਸ ਨਾਲ ਜੁੜਿਆ ਹੋਇਆ ਹੈ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਨੇ ਗੰਭੀਰ ਦੋਸ਼ ਲਾਏ ਸਨ ਕਿ ਮੁੱਖ ਮੰਤਰੀ ਦੀ ਪਤਨੀ ਵੱਲੋਂ ਜਾਂਚ ਨੂੰ ਰੋਕਣ ਬਦਲੇ 5 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ। ਹਾਲਾਂਕਿ, ਡਾ. ਗੁਰਪ੍ਰੀਤ ਕੌਰ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰਫ਼ਾਰਿਸ਼ੋਂ ਖਾਰਜ ਕਰਦਿਆਂ ਸਾਬਕਾ ਜੱਜ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਸੀ।
ਇਸ ਮਗਰੋਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਵੱਲੋਂ ਵੀ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਅਤੇ ਡੀਜੀਪੀ ਕੋਲੋਂ ਐਕਸ਼ਨ ਰਿਪੋਰਟ ਤਲਬ ਕੀਤੀ ਗਈ ਸੀ। ਮਾਮਲਾ ਅਦਾਲਤ ਤੱਕ ਵੀ ਪਹੁੰਚਿਆ ਅਤੇ ਹੁਣ ਈਡੀ ਦੀ ਇਸ ਤਾਜ਼ਾ ਐਕਸ਼ਨ ਨਾਲ ਸੂਬੇ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਭੂਚਾਲ ਆ ਗਿਆ ਹੈ।
Get all latest content delivered to your email a few times a month.