IMG-LOGO
ਹੋਮ ਪੰਜਾਬ: ਅੰਮ੍ਰਿਤਸਰ 'ਚ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੌਥੇ ਸੀਜ਼ਨ ਦਾ...

ਅੰਮ੍ਰਿਤਸਰ 'ਚ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੌਥੇ ਸੀਜ਼ਨ ਦਾ ਸ਼ਾਨਦਾਰ ਆਗਾਜ਼; 3,000 ਖਿਡਾਰੀ ਲਗਾਉਣਗੇ ਜ਼ੋਰ

Admin User - Oct 17, 2026 02:31 PM
IMG

ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਇਤਿਹਾਸਕ ਗੁਰੂ ਨਾਨਕ ਸਟੇਡੀਅਮ ਵਿਖੇ 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੌਥੇ ਸੀਜ਼ਨ ਦੇ ਸੂਬਾ ਪੱਧਰੀ ਮੁਕਾਬਲੇ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਏ ਹਨ। ਇਨ੍ਹਾਂ ਖੇਡਾਂ ਦਾ ਮੁੱਖ ਮਨੋਰਥ ਪੰਜਾਬ ਦੇ ਨੌਜਵਾਨਾਂ ਵਿੱਚ ਖੇਡ ਭਾਵਨਾ ਜਗਾਉਣਾ, ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨਾ ਹੈ। ਇਸ ਉਦਘਾਟਨੀ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਅਹਿਮ ਜਾਣਕਾਰੀ ਸਾਂਝੀ ਕੀਤੀ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਅੰਮ੍ਰਿਤਸਰ ਨੂੰ ਵਿਸ਼ੇਸ਼ ਤੌਰ 'ਤੇ ਤੀਰਅੰਦਾਜ਼ੀ (Archery) ਅਤੇ ਰਗਬੀ ਖੇਡਾਂ ਦੀ ਮੇਜ਼ਬਾਨੀ ਸੌਂਪੀ ਗਈ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਸੂਬੇ ਦੇ 18 ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 3,000 ਚੁਣੇ ਹੋਏ ਖਿਡਾਰੀ ਪਹੁੰਚੇ ਹਨ। ਇਹ ਸਾਰੇ ਖਿਡਾਰੀ ਬਲਾਕ ਅਤੇ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੂਬਾ ਪੱਧਰ 'ਤੇ ਪਹੁੰਚੇ ਹਨ। ਇਹ ਸੂਬਾ ਪੱਧਰੀ ਖੇਡ ਮੁਕਾਬਲੇ 23 ਨਵੰਬਰ ਤੱਕ ਨਿਰੰਤਰ ਜਾਰੀ ਰਹਿਣਗੇ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਅਤੇ ਖੇਡਾਂ 'ਚ ਮੋਹਰੀ ਬਣਾਉਣ ਲਈ ਇਹ ਪਹਿਲਕਦਮੀ ਕੀਤੀ ਸੀ। ਅੱਜ ਇਹ ਅਭਿਆਨ ਇੱਕ ਵਿਸ਼ਾਲ ਲਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ, ਜਿਸ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ 70 ਸਾਲ ਤੱਕ ਦੇ ਬਜ਼ੁਰਗ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ।


ਤੀਰਅੰਦਾਜ਼ੀ ਵਰਗੀਆਂ ਮਹਿੰਗੀਆਂ ਖੇਡਾਂ ਦੇ ਸਮਾਨ ਅਤੇ ਖਿਡਾਰੀਆਂ ਦੀਆਂ ਆਰਥਿਕ ਮੁਸ਼ਕਲਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਹੋਣਹਾਰ ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਵਿੱਤੀ ਸਹਾਇਤਾ ਭੇਜ ਰਹੀ ਹੈ, ਤਾਂ ਜੋ ਉਹ ਵਧੀਆ ਸਾਮਾਨ ਖਰੀਦ ਕੇ ਆਪਣੀ ਟ੍ਰੇਨਿੰਗ ਜਾਰੀ ਰੱਖ ਸਕਣ। ਉਨ੍ਹਾਂ ਕਿਹਾ ਕਿ ਪੈਸੇ ਦੀ ਘਾਟ ਕਾਰਨ ਕੋਈ ਵੀ ਖਿਡਾਰੀ ਪਿੱਛੇ ਨਹੀਂ ਰਹੇਗਾ।

ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕਰਦਿਆਂ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਖੇਡਾਂ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੇ ਨਾਲ-ਨਾਲ ਨਸ਼ਿਆਂ ਤੋਂ ਵੀ ਦੂਰ ਰੱਖਦੀਆਂ ਹਨ। ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਨਵੇਂ ਖੇਡ ਮੈਦਾਨ, ਓਪਨ ਜਿੰਮ ਅਤੇ ਸਟੇਡੀਅਮ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ।

ਮੀਟਿੰਗ ਦੇ ਅੰਤ 'ਚ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਇਹ ਖਿਡਾਰੀ ਭਵਿੱਖ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਤਿਰੰਗਾ ਲਹਿਰਾ ਕੇ ਦੇਸ਼ ਅਤੇ ਸੂਬੇ ਦਾ ਨਾਂ ਰੋਸ਼ਨ ਕਰਨਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.