IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਕੈਨੇਡਾ 'ਚ ਚੱਲ ਰਹੀ ਜਾਂਚ ਵਿਚਾਲੇ ਪੰਜਾਬ ਪੁਲਿਸ ਦੀ ਵੱਡੀ...

ਕੈਨੇਡਾ 'ਚ ਚੱਲ ਰਹੀ ਜਾਂਚ ਵਿਚਾਲੇ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: 35 ਸੋਸ਼ਲ ਮੀਡੀਆ ਅਕਾਊਂਟਾਂ 'ਤੇ ਮਾਮਲਾ ਦਰਜ

Admin User - Oct 17, 2026 12:49 PM
IMG

ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਨਿਊ ਚੰਡੀਗੜ੍ਹ ਅਤੇ ਮੋਹਾਲੀ ਦੇ ਇੱਕ ਪ੍ਰਮੁੱਖ ਇਮੀਗ੍ਰੇਸ਼ਨ ਸਲਾਹਕਾਰ ਅਤੇ ਰੀਅਲ ਅਸਟੇਟ ਕਾਰੋਬਾਰੀ ਨੂੰ ਨਿਸ਼ਾਨਾ ਬਣਾ ਕੇ ਭੜਕਾਊ ਤੇ ਅਣ-ਪ੍ਰਮਾਣਿਤ ਸਮੱਗਰੀ ਪੋਸਟ ਕਰਨ ਦੇ ਦੋਸ਼ ਹੇਠ 35 ਸੋਸ਼ਲ ਮੀਡੀਆ ਖਾਤਿਆਂ ਖ਼ਿਲਾਫ਼ ਨਾਮਜ਼ਦ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਅਕਾਊਂਟਾਂ ਵਿੱਚ ਪੰਜਾਬ ਅਤੇ ਕੈਨੇਡਾ ਨਾਲ ਸਬੰਧਤ ਕਈ ਪੱਤਰਕਾਰਾਂ ਅਤੇ ਇਮੀਗ੍ਰੇਸ਼ਨ ਏਜੰਟਾਂ ਦੇ ਪ੍ਰੋਫਾਈਲ ਸ਼ਾਮਲ ਹਨ।

ਪੁਲਿਸ ਸੂਤਰਾਂ ਅਨੁਸਾਰ, ਇਹ ਕਾਰਵਾਈ ਜੀ.ਬੀ. ਰਿਐਲਟੀ ਗਰੁੱਪ (GB Realty Group) ਦੇ ਕਾਨੂੰਨੀ ਨੁਮਾਇੰਦੇ ਐਡਵੋਕੇਟ ਪਾਰਸ ਸ਼ਰਮਾ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ। ਐਸ.ਏ.ਐਸ. ਨਗਰ ਦੇ ਸੈਕਟਰ 79 ਸਥਿਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ 13 ਅਕਾਊਂਟਾਂ ਵਿਰੁੱਧ ਬੀ.ਐਨ.ਐਸ. (BNS) ਦੀ ਧਾਰਾ 356(2) ਅਤੇ ਆਈ.ਟੀ. ਐਕਟ (IT Act) ਦੀ ਧਾਰਾ 66 ਤਹਿਤ ਐਫ.ਆਈ.ਆਰ. ਨੰਬਰ 29 ਦਰਜ ਕੀਤੀ ਗਈ ਹੈ।

ਸ਼ਿਕਾਇਤਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਯੂਟਿਊਬ, ਇੰਸਟਾਗ੍ਰਾਮ, ਫੇਸਬੁੱਕ ਵਰਗੇ ਪਲੇਟਫਾਰਮਾਂ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਕੰਪਨੀ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ ਦਾ ਅਕਸ ਖ਼ਰਾਬ ਕਰਨ ਲਈ ਗੁੰਮਰਾਹਕੁੰਨ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ। ਇਨ੍ਹਾਂ ਪੋਸਟਾਂ ਰਾਹੀਂ ਕੰਪਨੀ ਨੂੰ ਕੈਨੇਡਾ ਵਿੱਚ ਹੋਈ ਇੱਕ ਕਥਿਤ ਧੋਖਾਧੜੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ।

ਸ਼ਿਕਾਇਤ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸਾਰੇ ਦਾਅਵੇ ਬੇਬੁਨਿਆਦ ਹਨ ਅਤੇ ਕੰਪਨੀ ਦੀ ਬਾਜ਼ਾਰ ਵਿਚਲੀ ਸਾਖ ਨੂੰ ਢਾਹ ਲਾਉਣ ਦੇ ਮਕਸਦ ਨਾਲ ਸ਼ੇਅਰ ਕੀਤੇ ਗਏ ਹਨ। ਪੁਲਿਸ ਨੂੰ ਸਬੰਧਤ ਲਿੰਕਾਂ ਦੀ ਸੂਚੀ ਸੌਂਪਦਿਆਂ ਇਨ੍ਹਾਂ ਅਕਾਊਂਟਾਂ ਨੂੰ ਤੁਰੰਤ ਬਲਾਕ ਕਰਨ ਅਤੇ ਸਮੱਗਰੀ ਹਟਾਉਣ ਦੀ ਮੰਗ ਕੀਤੀ ਗਈ ਹੈ।

ਇਹ ਮਾਮਲਾ ਅਜਿਹੇ ਵੇਲੇ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਪ੍ਰਾਈਵੇਟ ਕੈਰੀਅਰ ਕਾਲਜਾਂ ਅਤੇ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਪ੍ਰਣਾਲੀ 'ਚ ਵੱਡੇ ਪੱਧਰ 'ਤੇ ਬੇਨਿਯਮੀਆਂ ਦਾ ਖੁਲਾਸਾ ਹੋਇਆ ਹੈ। ਓਨਟਾਰੀਓ ਸਰਕਾਰ ਨੇ ਸ਼ੁਰੂਆਤੀ ਆਡਿਟ ਤੋਂ ਬਾਅਦ ਪੂਰੇ ਮਾਮਲੇ ਦੀ ਜਾਂਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਨੂੰ ਸੌਂਪ ਦਿੱਤੀ ਹੈ।

ਓਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀ ਮੰਤਰੀ ਨੋਲਨ ਕੁਇਨ ਨੇ ਦੱਸਿਆ ਕਿ 'ਓਨਟਾਰੀਓ ਸਟੂਡੈਂਟ ਅਸਿਸਟੈਂਸ ਪ੍ਰੋਗਰਾਮ' (OSAP) ਦੀਆਂ ਗ੍ਰਾਂਟਾਂ 'ਚ ਗੜਬੜੀ ਦੀਆਂ ਰਿਪੋਰਟਾਂ ਤੋਂ ਬਾਅਦ ਵਿਸ਼ੇਸ਼ ਜਾਂਚ ਸ਼ੁਰੂ ਕੀਤੀ ਗਈ ਸੀ। ਬਾਅਦ ਵਿੱਚ ਸਰਕਾਰ ਵੱਲੋਂ ਆਡਿਟਿੰਗ ਫਰਮ KPMG ਨੂੰ ਵੀ ਡੂੰਘੀ ਸਮੀਖਿਆ ਲਈ ਤਾਇਨਾਤ ਕੀਤਾ ਗਿਆ।


ਆਡਿਟ ਰਿਪੋਰਟ ਦੀਆਂ ਪ੍ਰਮੁੱਖ ਗੱਲਾਂ:

ਸਾਂਝੀ ਮਾਲਕੀ ਦਾ ਤਾਣਾ-ਬਾਣਾ: ਪ੍ਰਾਈਵੇਟ ਕੈਰੀਅਰ ਕਾਲਜਾਂ ਅਤੇ ਇਮੀਗ੍ਰੇਸ਼ਨ ਭਰਤੀ ਏਜੰਸੀਆਂ ਵਿਚਕਾਰ ਅਪ੍ਰਤੱਖ ਸਬੰਧ ਸਾਹਮਣੇ ਆਏ ਹਨ।

ਦਸਤਾਵੇਜ਼ਾਂ ਦੀ ਘਾਟ: ਵਿਦਿਆਰਥੀਆਂ ਦੀ ਤਸਦੀਕ ਪ੍ਰਕਿਰਿਆ ਵਿੱਚ ਵੱਡੀਆਂ ਖਾਮੀਆਂ ਪਾਈਆਂ ਗਈਆਂ।

ਅਸਧਾਰਨ ਅਰਜ਼ੀਆਂ: ਇੱਕੋ ਖੇਤਰ ਤੋਂ OSAP ਫੰਡਾਂ ਲਈ ਬਹੁਤ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ।

ਵੱਡਾ ਫੰਡ: ਸਾਲ 2024-25 ਦੌਰਾਨ ਮਹਿਜ਼ 7 ਕੈਰੀਅਰ ਕਾਲਜਾਂ ਨੂੰ ਲਗਭਗ 385 ਮਿਲੀਅਨ ਡਾਲਰ ਦੀਆਂ OSAP ਗ੍ਰਾਂਟਾਂ ਦਿੱਤੀਆਂ ਗਈਆਂ ਸਨ।


ਸੂਬਾ ਸਰਕਾਰ ਨੇ ਇਸ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਆਡੀਟਰ ਜਨਰਲ ਨੂੰ ਵੀ ਦੇ ਦਿੱਤੀ ਹੈ। ਪੰਜਾਬ ਅਤੇ ਕੈਨੇਡਾ ਦੋਵਾਂ ਥਾਵਾਂ 'ਤੇ ਚੱਲ ਰਹੀਆਂ ਇਨ੍ਹਾਂ ਕਾਰਵਾਈਆਂ ਨੇ ਇਮੀਗ੍ਰੇਸ਼ਨ ਅਤੇ ਸਿੱਖਿਆ ਖੇਤਰ ਨਾਲ ਜੁੜੇ ਕਾਰੋਬਾਰੀਆਂ ਵਿੱਚ ਹਲਚਲ ਮਚਾ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.