IMG-LOGO
ਹੋਮ ਪੰਜਾਬ: ਮੋਹਾਲੀ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਚੀਫ਼ ਮੈਨੇਜਰ ਦੀ...

ਮੋਹਾਲੀ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਚੀਫ਼ ਮੈਨੇਜਰ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ: ਸੁਸਾਈਡ ਨੋਟ ਵਿੱਚ ਸੀਨੀਅਰ ਅਧਿਕਾਰੀਆਂ 'ਤੇ ਗੰਭੀਰ ਦੋਸ਼

Admin User - Oct 17, 2026 12:05 PM
IMG

ਪੰਜਾਬ ਐਂਡ ਸਿੰਧ ਬੈਂਕ ਦੀ ਏਅਰੋਸਿਟੀ ਬ੍ਰਾਂਚ ਦੇ ਚੀਫ਼ ਮੈਨੇਜਰ ਭੁਪਿੰਦਰ ਸਿੰਘ ਦੀ ਲਾਸ਼ ਚੁੰਨੀ ਕਲਾਂ ਨੇੜੇ ਇੱਕ ਨਹਿਰ ਵਿੱਚੋਂ ਮਿਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮੈਨੇਜਰ ਪਿਛਲੇ ਕੁਝ ਸਮੇਂ ਤੋਂ ਲਾਪਤਾ ਸਨ ਅਤੇ ਮੁੱਢਲੀ ਜਾਂਚ ਦੌਰਾਨ ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਬੈਂਕ ਦੇ ਅੰਦਰੂਨੀ ਮਾਮਲਿਆਂ ਅਤੇ ਕਰੋੜਾਂ ਦੇ ਕਰਜ਼ਿਆਂ ਨੂੰ ਲੈ ਕੇ ਵੱਡੇ ਖੁਲਾਸੇ ਹੋਏ ਹਨ।

ਸਾਹਮਣੇ ਆਏ ਸੁਸਾਈਡ ਨੋਟ ਮੁਤਾਬਕ, ਮ੍ਰਿਤਕ ਮੈਨੇਜਰ ਪਿਛਲੇ ਦੋ ਸਾਲਾਂ ਤੋਂ ਭਾਰੀ ਮਾਨਸਿਕ ਤਣਾਅ ਹੇਠ ਸੀ। ਨੋਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਦਫ਼ਤਰ ਦੇ ਇੱਕ ਉੱਚ ਅਧਿਕਾਰੀ ਦੇ ਦਬਾਅ ਹੇਠ ਗ਼ੈਰ-ਕਾਨੂੰਨੀ ਤਰੀਕੇ ਨਾਲ ਲਗਭਗ 3.5 ਕਰੋੜ ਰੁਪਏ ਦੇ ਵਪਾਰਕ ਵਾਹਨਾਂ ਅਤੇ ਹੋਰ ਖਾਤਿਆਂ ਦੇ ਕਰਜ਼ੇ ਮਨਜ਼ੂਰ ਕਰਵਾਏ ਗਏ ਸਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਏਜੰਟ ਰਾਹੀਂ ਇਹ ਕਰਜ਼ੇ ਪਾਸ ਕੀਤੇ ਗਏ, ਉਹ ਬੈਂਕ ਦਾ ਅਧਿਕਾਰਤ ਡਾਇਰੈਕਟ ਸੇਲਿੰਗ ਏਜੰਟ (DSA) ਵੀ ਨਹੀਂ ਸੀ।

ਇਲਜ਼ਾਮ ਇਹ ਵੀ ਹਨ ਕਿ ਇਨ੍ਹਾਂ ਕਰਜ਼ਿਆਂ ਨੂੰ ਐੱਨ.ਪੀ.ਏ. (NPA) ਬਣਨ ਤੋਂ ਬਚਾਉਣ ਲਈ ਕਈ ਹੋਰ ਜਾਅਲੀ ਕਰਜ਼ੇ ਵੀ ਜਾਰੀ ਕੀਤੇ ਗਏ, ਜਿਸ ਕਾਰਨ ਲਗਭਗ 75 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋਇਆ। ਮੈਨੇਜਰ ਨੇ ਆਪਣੇ ਨੋਟ ਵਿੱਚ ਲਿਖਿਆ ਹੈ ਕਿ ਇਸ ਘਾਟੇ ਦੀ ਪੂਰਤੀ ਲਈ ਉਸਨੇ ਆਪਣੀ ਜੀਵਨ ਭਰ ਦੀ ਜਮ੍ਹਾਂ ਪੂੰਜੀ ਵਿੱਚੋਂ ਲਗਭਗ 23 ਤੋਂ 25 ਲੱਖ ਰੁਪਏ ਆਪਣੀ ਜੇਬ ਵਿੱਚੋਂ ਕਰਜ਼ੇ ਦੀਆਂ ਕਿਸ਼ਤਾਂ ਭਰਨ ਲਈ ਖ਼ਰਚ ਕੀਤੇ ਸਨ।

ਸੂਤਰਾਂ ਮੁਤਾਬਕ ਜਦੋਂ ਇਸ ਸ਼ਾਖਾ ਵਿੱਚ ਨਵਾਂ ਪ੍ਰਬੰਧਕ ਆਇਆ, ਤਾਂ ਉਸਨੇ ਇਨ੍ਹਾਂ ਸ਼ੱਕੀ ਖਾਤਿਆਂ 'ਤੇ ਸਵਾਲ ਖੜ੍ਹੇ ਕੀਤੇ। ਬੈਂਕ ਵੱਲੋਂ ਭੁਪਿੰਦਰ ਸਿੰਘ 'ਤੇ ਸਾਰੀ ਸੱਚਾਈ ਸਾਹਮਣੇ ਲਿਆਉਣ ਦਾ ਦਬਾਅ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਸੀ.ਬੀ.ਆਈ. ਦੀ ਗ੍ਰਿਫ਼ਤਾਰੀ ਤੇ ਜਾਂਚ ਦੀ ਚੇਤਾਵਨੀ ਵੀ ਦਿੱਤੀ ਗਈ। ਇਸੇ ਤਣਾਅ ਦੇ ਚਲਦਿਆਂ ਉਨ੍ਹਾਂ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ।

ਇਸ ਦੁਖਦਾਈ ਘਟਨਾ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਤੇ ਆਪਣੇ ਪਿੱਛੇ 10 ਸਾਲ ਦੀ ਮਾਸੂਮ ਬੱਚੀ ਛੱਡ ਗਿਆ ਹੈ, ਜੋ ਇਸ ਸਮੇਂ ਛੇਵੀਂ ਜਮਾਤ ਵਿੱਚ ਪੜ੍ਹ ਰਹੀ ਹੈ। ਸੁਸਾਈਡ ਨੋਟ ਦੇ ਆਖ਼ਰ ਵਿੱਚ ਉਨ੍ਹਾਂ ਨੇ ਆਪਣੇ ਟਰਮ ਇੰਸ਼ੋਰੈਂਸ ਦਾ ਜ਼ਿਕਰ ਕੀਤਾ ਹੈ ਤਾਂ ਜੋ ਉਨ੍ਹਾਂ ਦੀ ਅਣਹੋਂਦ ਵਿੱਚ ਪਰਿਵਾਰ ਦੀਆਂ ਮਾਲੀ ਲੋੜਾਂ ਪੂਰੀਆਂ ਹੋ ਸਕਣ।

ਫਿਲਹਾਲ, ਸਥਾਨਕ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਸੁਸਾਈਡ ਨੋਟ ਦੇ ਆਧਾਰ 'ਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.