ਤਾਜਾ ਖਬਰਾਂ
ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅੱਜ ਸ਼ਨੀਵਾਰ ਨੂੰ ਜਗਰਾਓਂ ਹਲਕੇ ਦੇ ਪਿੰਡ ਗਿੱਦੜਵਿੰਡੀ ਦਾ ਵਿਸ਼ੇਸ਼ ਦੌਰਾ ਕਰਨਗੇ। ਆਪਣੇ ਇਸ ਦੌਰੇ ਦੌਰਾਨ ਉਹ ਪਿਛਲੇ ਸਾਲ ਕਤਲ ਕੀਤੇ ਗਏ ਉੱਘੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਗ੍ਰਹਿ ਵਿਖੇ ਪਹੁੰਚ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨਗੇ। ਇਸ ਤੋਂ ਇਲਾਵਾ ਪਾਇਲਟ ਭੈਣੀ ਸਾਹਿਬ ਵਿਖੇ ਨਤਮਸਤਕ ਹੋ ਕੇ ਆਸ਼ੀਰਵਾਦ ਵੀ ਪ੍ਰਾਪਤ ਕਰਨਗੇ।
ਇਸ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਜਗਰਾਓਂ ਹਲਕੇ ਦੇ ਇੰਚਾਰਜ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਸੀਨੀਅਰ ਕਾਂਗਰਸੀ ਆਗੂ ਕਰਨਜੀਤ ਸੋਨੀ ਗਾਲਿਬ, ਬਲਾਕ ਪ੍ਰਧਾਨ ਨਵਦੀਪ ਸਿੰਘ ਗਰੇਵਾਲ ਅਤੇ ਮਨੀ ਗਰਗ ਸਮੇਤ ਕਈ ਸਥਾਨਕ ਆਗੂ ਵੀ ਮੌਜੂਦ ਰਹਿਣਗੇ।
ਜ਼ਿਕਰਯੋਗ ਹੈ ਕਿ ਲੰਘੀ 31 ਅਕਤੂਬਰ ਨੂੰ ਜਗਰਾਓਂ ਵਿੱਚ ਐਸ.ਐਸ.ਪੀ. ਦਫ਼ਤਰ ਤੋਂ ਮਹਿਜ਼ 250 ਮੀਟਰ ਦੀ ਦੂਰੀ 'ਤੇ ਦਿਨ-ਦਿਹਾੜੇ ਦੁਪਹਿਰ 2:50 ਵਜੇ ਅਣਪਛਾਤੇ ਅਨਸਰਾਂ ਨੇ ਛਾਤੀ 'ਚ ਗੋਲੀ ਮਾਰ ਕੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਸਿਆਸੀ ਮਾਹਰਾਂ ਮੁਤਾਬਕ ਸਚਿਨ ਪਾਇਲਟ ਦਾ ਇਹ ਦੌਰਾ ਸਿਰਫ਼ ਦੁੱਖ-ਸਾਂਝਾ ਕਰਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਅਤੇ ਪਾਰਟੀ ਸੰਗਠਨ ਨੂੰ ਸਰਗਰਮ ਕਰਨ ਦੀ ਰਣਨੀਤੀ ਦਾ ਹਿੱਸਾ ਹੈ। ਸੂਤਰਾਂ ਅਨੁਸਾਰ, ਪਾਇਲਟ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜੇ ਨਾਲ ਸਬੰਧਤ ਨੇਤਾਵਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਆਪਸੀ ਤਾਲਮੇਲ ਵਧਾ ਰਹੇ ਹਨ।
ਚੋਣਾਂ ਤੋਂ ਪਹਿਲਾਂ ਵੱਖ-ਵੱਖ ਧੜਿਆਂ ਵਿੱਚ ਵੰਡੀ ਪਾਰਟੀ ਨੂੰ ਇੱਕਜੁੱਟ ਕਰਨਾ ਕਾਂਗਰਸ ਲਈ ਵੱਡੀ ਚੁਣੌਤੀ ਹੈ। ਇਸ ਲਈ ਪਾਇਲਟ ਦੀਆਂ ਇਹ ਮੀਟਿੰਗਾਂ ਪਾਰਟੀ ਦੀ ਅੰਦਰੂਨੀ ਗਤੀਸ਼ੀਲਤਾ ਨੂੰ ਸੰਤੁਲਿਤ ਕਰਨ ਅਤੇ ਸਿਆਸੀ ਜ਼ਮੀਨ ਮਜ਼ਬੂਤ ਕਰਨ ਦੇ ਯਤਨਾਂ ਵਜੋਂ ਦੇਖੀਆਂ ਜਾ ਰਹੀਆਂ ਹਨ।
Get all latest content delivered to your email a few times a month.