ਤਾਜਾ ਖਬਰਾਂ
ਸ਼ਹਿਰ ਵਿੱਚ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਹਨ। ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਅਸ਼ਵਨੀ ਪਿਛਲੇ ਦੋ ਸਾਲਾਂ ਤੋਂ ਇਸ ਕਤਲ ਦੀ ਪੂਰੀ ਯੋਜਨਾ ਬਣਾ ਰਿਹਾ ਸੀ। ਆਪਣੇ ਨਾਲ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਸਨੇ ਕਾਨੂੰਨੀ ਤਰੀਕੇ ਨਾਲ ਹਥਿਆਰ ਦਾ ਲਾਇਸੈਂਸ ਹਾਸਲ ਕੀਤਾ ਅਤੇ ਫਿਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਜਾਂਚ ਮੁਤਾਬਕ ਅਸ਼ਵਨੀ ਅਤੇ ਪਰਵਿੰਦਰ ਝੋਟਾ ਵਿਚਕਾਰ ਰੰਜਿਸ਼ ਜੁਲਾਈ 2023 ਵਿੱਚ ਸ਼ੁਰੂ ਹੋਈ ਸੀ। ਦੋਸ਼ ਹੈ ਕਿ ਪਰਵਿੰਦਰ ਝੋਟਾ ਨੇ ਅਸ਼ਵਨੀ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ ਲਗਾਉਂਦਿਆਂ ਉਸਨੂੰ ਜੁੱਤੀਆਂ ਦਾ ਹਾਰ ਪਾ ਕੇ ਬਾਜ਼ਾਰ ਵਿੱਚ ਘੁੰਮਾਇਆ ਸੀ। ਇਸ ਘਟਨਾ ਨੇ ਅਸ਼ਵਨੀ ਨੂੰ ਅੰਦਰੋਂ ਤੋੜ ਦਿੱਤਾ ਸੀ। ਉਸਦਾ ਦਾਅਵਾ ਸੀ ਕਿ ਇਸ ਬੇਇੱਜ਼ਤੀ ਕਾਰਨ ਉਸਦੀ ਮਾਨਸਿਕ ਸਥਿਤੀ ਵਿਗੜ ਗਈ ਸੀ ਅਤੇ ਉਸਨੂੰ ਇਲਾਜ ਵੀ ਕਰਵਾਉਣਾ ਪਿਆ। ਹਾਲਾਂਕਿ, ਜਦੋਂ ਵੀ ਝੋਟਾ ਉਸਦੀ ਦੁਕਾਨ 'ਤੇ ਆਉਂਦਾ, ਉਸਨੂੰ ਪੁਰਾਣਾ ਜ਼ਖ਼ਮ ਹਰਾ ਹੋ ਜਾਂਦਾ ਅਤੇ ਉਹ ਬਦਲੇ ਦੀ ਅੱਗ ਵਿੱਚ ਸੜਨ ਲੱਗ ਪਿਆ।
ਆਪਣੀ ਯੋਜਨਾ ਨੂੰ ਪੂਰਾ ਕਰਨ ਲਈ ਅਸ਼ਵਨੀ ਨੇ ਸਾਲ 2024 ਵਿੱਚ ਮਾਨਸਾ ਸਿਟੀ-2 ਵਿੱਚ ਦਰਜ ਐਫਆਈਆਰ ਦੇ ਆਧਾਰ 'ਤੇ ਹਥਿਆਰਾਂ ਦੇ ਲਾਇਸੈਂਸ ਲਈ ਅਰਜ਼ੀ ਦਿੱਤੀ। ਬੀਤੀ 21 ਅਗਸਤ ਨੂੰ ਉਸਨੂੰ ਲਾਇਸੈਂਸ ਜਾਰੀ ਹੋ ਗਿਆ, ਜਿਸ ਤੋਂ ਬਾਅਦ ਉਸਨੇ ਇੱਕ 7.62 ਐਮਐਮ ਪਿਸਤੌਲ ਅਤੇ ਇੱਕ 12 ਬੋਰ ਦੀ ਬੰਦੂਕ ਖਰੀਦ ਲਈ। ਦੋਸ਼ੀ ਨੇ ਇਸ ਪਿਸਤੌਲ ਨੂੰ 24 ਘੰਟੇ ਆਪਣੇ ਕੋਲ ਰੱਖਣਾ ਸ਼ੁਰੂ ਕਰ ਦਿੱਤਾ ਅਤੇ ਰਾਤ ਨੂੰ ਸਿਰਹਾਣੇ ਹੇਠ ਰੱਖ ਕੇ ਸੌਂਦਾ ਸੀ।
ਕਤਲ ਵਾਲੇ ਦਿਨ ਜਦੋਂ ਝੋਟਾ ਦੁਕਾਨ 'ਤੇ ਆਇਆ ਅਤੇ ਹੰਗਾਮਾ ਕੀਤਾ, ਤਾਂ ਅਸ਼ਵਨੀ ਨੇ ਸਭ ਤੋਂ ਪਹਿਲਾਂ ਆਪਣੇ ਚਾਚੇ ਨੂੰ ਫੋਨ ਕਰਕੇ ਸੂਚਨਾ ਦਿੱਤੀ। ਇਸ ਤੋਂ ਬਾਅਦ, ਉਸਨੇ ਆਪਣੇ ਪੁੱਤਰ ਦੇ ਫ਼ੋਨ ਤੋਂ ਆਪਣੀ ਪਤਨੀ ਨਾਲ ਗੱਲ ਕੀਤੀ। ਪਤਨੀ ਨੀਲਮ ਗਰਗ ਨਾਲ ਗੱਲ ਕਰਦਿਆਂ ਉਸਨੇ ਸਾਫ਼ ਕਹਿ ਦਿੱਤਾ ਸੀ ਕਿ "ਇਸਨੇ ਮੈਨੂੰ ਬਹੁਤ ਤੰਗ ਕੀਤਾ ਹੋਇਆ ਹੈ, ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ, ਅੱਜ ਇਸਨੂੰ ਜਾਨੋਂ ਮਾਰ ਦਿਆਂਗਾ।" ਹੈਰਾਨੀ ਦੀ ਗੱਲ ਇਹ ਰਹੀ ਕਿ ਪਤਨੀ ਨੂੰ ਪਹਿਲਾਂ ਤੋਂ ਪਤਾ ਹੋਣ ਦੇ ਬਾਵਜੂਦ ਉਸਨੇ ਨਾ ਤਾਂ ਆਪਣੇ ਪੱਧਰ 'ਤੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਪੁਲਿਸ ਨੂੰ ਸੂਚਿਤ ਕੀਤਾ। ਇਸੇ ਲਾਪਰਵਾਹੀ ਅਤੇ ਮਿਲੀਭੁਗਤ ਦੇ ਸ਼ੱਕ ਹੇਠ ਪੁਲਿਸ ਨੇ ਪਤਨੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।
ਵਾਰਦਾਤ ਸਮੇਂ ਅਸ਼ਵਨੀ ਨੇ ਝੋਟੇ ਨੂੰ ਗੋਲੀ ਮਾਰੀ, ਪਰ ਜਦੋਂ ਉਹ ਪਹਿਲੀ ਗੋਲੀ ਨਾਲ ਜ਼ਮੀਨ 'ਤੇ ਤੜਫ਼ ਰਿਹਾ ਸੀ, ਤਾਂ ਦੋਸ਼ੀ ਨੇ ਭੀੜ ਅਤੇ ਆਪਣੇ ਬਚਾਅ ਦੇ ਡਰੋਂ ਵਾਪਸ ਮੁੜ ਕੇ ਉਸਦੇ ਪੇਟ ਵਿੱਚ ਦੁਬਾਰਾ ਗੋਲੀ ਮਾਰ ਦਿੱਤੀ, ਜਿਸ ਨਾਲ ਝੋਟੇ ਦੀ ਮੌਤ ਹੋ ਗਈ।
ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਅਸ਼ਵਨੀ ਆਪਣੇ ਸਾਥੀ ਲਾਡੀ ਦੀ ਬੁਲੇਟ ਬਾਈਕ 'ਤੇ ਬੈਠ ਕੇ ਮਾਨਸਾ ਸ਼ਹਿਰ ਤੋਂ ਬਾਹਰ ਨਿਕਲਿਆ। ਉੱਥੋਂ ਉਹ ਗੱਡੀ ਰਾਹੀਂ ਹਰਿਆਣਾ ਦੇ ਰਤੀਆ ਆਪਣੇ ਸਹੁਰੇ ਘਰ ਗਿਆ ਅਤੇ ਅਗਲੀ ਸਵੇਰ ਜੈਪੁਰ ਆਪਣੇ ਪੁੱਤਰ ਕੋਲ ਜਾਣ ਲਈ ਨਿਕਲਿਆ। ਪਰ ਰਾਹ ਵਿੱਚ ਹੀ ਸਾਲਾਸਰ ਪਹੁੰਚਣ 'ਤੇ ਪੁਲਿਸ ਨੇ ਅਸਰਦਾਰ ਕਾਰਵਾਈ ਕਰਦਿਆਂ ਉਸਨੂੰ ਦਬੋਚ ਲਿਆ ਅਤੇ ਮਾਨਸਾ ਲੈ ਆਈ। ਪੁਲਿਸ ਮਾਮਲੇ ਦੇ ਬਾਕੀ ਪਹਿਲੂਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
Get all latest content delivered to your email a few times a month.