ਤਾਜਾ ਖਬਰਾਂ
ਪੰਜਾਬ ਵਿੱਚ ਨਸ਼ਾ ਤਸਕਰੀ ਨਾਲ ਜੁੜਿਆ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਸੀਮਾ ਸੁਰੱਖਿਆ ਬਲ (BSF) ਨੇ ਪੰਜਾਬ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਨੂੰ 15 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 100 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਸਰਹੱਦ ਪਾਰੋਂ ਡਰੋਨਾਂ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਰੋਕਣ ਲਈ ਬਣਾਈ ਗਈ ਐਂਟੀ-ਡਰੋਨ ਟੀਮ ਵਿੱਚ ਤਾਇਨਾਤ ਰਹਿ ਚੁੱਕਾ ਹੈ।
ਮੁਲਜ਼ਮ ਦੀ ਪਛਾਣ ਕਰਨਦੀਪ ਸਿੰਘ ਵਜੋਂ ਹੋਈ ਹੈ, ਜੋ ਪਿੰਡ ਭੂਸੇ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ, ਉਹ ਪਹਿਲਾਂ ਭਿਖੀਵਿੰਡ ਥਾਣੇ ਅਧੀਨ ਆਉਂਦੀ ਸੁਰਸਿੰਘ ਪੁਲਿਸ ਚੌਕੀ ਵਿੱਚ ਕਲਰਕ ਵਜੋਂ ਕੰਮ ਕਰ ਰਿਹਾ ਸੀ। ਕਰੀਬ ਡੇਢ ਮਹੀਨਾ ਪਹਿਲਾਂ ਉਸ ਦੀ ਤਾਇਨਾਤੀ ਐਂਟੀ-ਡਰੋਨ ਟੀਮ ਵਿੱਚ ਕੀਤੀ ਗਈ ਸੀ।
ਗੁਪਤ ਸੂਚਨਾ ਦੇ ਆਧਾਰ ’ਤੇ BSF ਨੇ ਵਿਛਾਇਆ ਜਾਲ
ਜਾਣਕਾਰੀ ਮੁਤਾਬਕ, BSF ਦੀ 115ਵੀਂ ਬਟਾਲੀਅਨ ਨੂੰ ਸੂਚਨਾ ਮਿਲੀ ਸੀ ਕਿ ਉਕਤ ਕਾਂਸਟੇਬਲ ਡਰੋਨ ਰਾਹੀਂ ਸਰਹੱਦ ਪਾਰੋਂ ਪਹੁੰਚਾਈ ਗਈ ਹੈਰੋਇਨ ਦੀ ਵੱਡੀ ਖੇਪ ਨੂੰ ਲਿਜਾਣ ਜਾਂ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਰਾਏ ਅਮਾਨਤ ਖਾਨ ਥਾਣੇ ਦੇ ਅਧੀਨ ਲਾਹੀਆਂ ਪੁਲ ਡਰੇਨ ਨੇੜੇ ਨਾਕਾਬੰਦੀ ਕੀਤੀ। ਕਾਰਵਾਈ ਦੌਰਾਨ ਮੁਲਜ਼ਮ ਨੂੰ ਪਲਾਸਟਿਕ ਦੇ ਥੈਲਿਆਂ ਸਮੇਤ ਕਾਬੂ ਕਰ ਲਿਆ ਗਿਆ।
15 ਪੈਕੇਟ ਹੈਰੋਇਨ ਬਰਾਮਦ, NCB ਨੇ ਵੀ ਸ਼ੁਰੂ ਕੀਤੀ ਪੁੱਛਗਿੱਛ
ਤਲਾਸ਼ੀ ਦੌਰਾਨ ਥੈਲਿਆਂ ਵਿੱਚੋਂ ਹੈਰੋਇਨ ਦੇ 15 ਪੈਕੇਟ ਮਿਲੇ, ਜਿਨ੍ਹਾਂ ਦਾ ਕੁੱਲ ਵਜ਼ਨ 15 ਕਿਲੋਗ੍ਰਾਮ ਦੱਸਿਆ ਗਿਆ ਹੈ। ਬਰਾਮਦਗੀ ਤੋਂ ਬਾਅਦ BSF ਅਤੇ ਪੰਜਾਬ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਨਸ਼ੇ ਦੀ ਖੇਪ ਕਿੱਥੇ ਪਹੁੰਚਾਈ ਜਾਣੀ ਸੀ।
Get all latest content delivered to your email a few times a month.