IMG-LOGO
ਹੋਮ ਪੰਜਾਬ: ਜੈਵਿਕ ਖੇਤੀ ਨੂੰ ਹੁਲਾਰਾ: ਗੁਰਮੀਤ ਸਿੰਘ ਖੁੱਡੀਆਂ ਵੱਲੋਂ ਨਕਲੀ ਉਤਪਾਦਾਂ...

ਜੈਵਿਕ ਖੇਤੀ ਨੂੰ ਹੁਲਾਰਾ: ਗੁਰਮੀਤ ਸਿੰਘ ਖੁੱਡੀਆਂ ਵੱਲੋਂ ਨਕਲੀ ਉਤਪਾਦਾਂ ਦੀ ਰੋਕਥਾਮ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣ ਲਈ ਮੋਹਾਲੀ ਵਿਖੇ ਸੂਬੇ ਦੀ ਤੀਜੀ ਬਾਇਓ-ਫਰਟੀਲਾਈਜ਼ਰ...

Admin User - Oct 13, 2026 04:52 PM
IMG

ਚੰਡੀਗੜ੍ਹ/ਐੱਸ.ਏ.ਐੱਸ. ਨਗਰ, 13 ਅਕਤੂਬਰ:

ਸੂਬੇ ਵਿੱਚ ਜੈਵਿਕ ਤੇ ਟਿਕਾਊ ਖੇਤੀ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਨੂੰ ਮਿਆਰੀ ਉਤਪਾਦਾਂ ਦੀ ਉਪਲੱਬਧਤਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਐਸ.ਏ.ਐਸ. ਨਗਰ ਦੇ ਕਾਲਕਟ ਭਵਨ ਵਿਖੇ ਇੱਕ ਅਤਿ-ਆਧੁਨਿਕ ਬਾਇਓ-ਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀ ਦਾ ਉਦਘਾਟਨ ਕੀਤਾ, ਜਿਸ ਦੇ ਨਾਲ ਹੁਣ ਕਿਸਾਨਾਂ ਨੂੰ ਪ੍ਰਮਾਣਿਤ ਅਤੇ ਮਿਲਾਵਟ-ਰਹਿਤ ਜੈਵਿਕ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ 4.50 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਵਿੱਚ ਤਿੰਨ ਲੈਬਾਂ ਵਾਲਾ ਨੈੱਟਵਰਕ ਮੁਕੰਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਦੋ ਲੈਬਾਰਟਰੀਆਂ ਗੁਰਦਾਸਪੁਰ ਅਤੇ ਬਠਿੰਡਾ ਵਿਖੇ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ।

ਉਦਘਾਟਨ ਉਪਰੰਤ ਸੰਬੋਧਨ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, “ਇਹ ਲੈਬਾਰਟਰੀਆਂ ਕਿਸਾਨਾਂ ਨੂੰ ਮਿਆਰੀ ਉਤਪਾਦ ਉਪਲਬਧ ਕਰਵਾਉਣ, ਨਕਲੀ ਉਤਪਾਦਾਂ ਤੋਂ ਬਚਾਉਣ ਅਤੇ ਰਸਾਇਣਕ ਖਾਦਾਂ 'ਤੇ ਨਿਰਭਰਤਾ ਘਟਾਉਣ ਵਿੱਚ ਅਹਿਮ ਸਾਬਤ ਹੋਣਗੀਆਂ।” ਉਨ੍ਹਾਂ ਅੱਗੇ ਕਿਹਾ ਕਿ ਇਹ ਲੈਬਾਂ 'ਫਰਟੀਲਾਈਜ਼ਰ ਕੰਟਰੋਲ ਆਰਡਰ' ਨੂੰ ਸਖ਼ਤੀ ਨਾਲ ਲਾਗੂ ਕਰਨ, ਨਿਰਮਾਤਾਵਾਂ ਤੇ ਡੀਲਰਾਂ ਦੀ ਨਿਗਰਾਨੀ ਅਤੇ ਪੰਜਾਬ ਦੇ ਖੇਤੀ-ਜਲਵਾਯੂ ਅਨੁਕੂਲ ਜੈਵਿਕ ਖਾਦਾਂ ਦੇ ਸੁਧਾਰ ਲਈ ਅਹਿਮ ਡਾਟਾ ਤਿਆਰ ਕਰਨ ਵਿੱਚ ਵੀ ਮਦਦਗਾਰ ਸਾਬਤ ਹੋਣਗੀਆਂ।

ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਇੱਕ ਪ੍ਰਮੁੱਖ ਖੇਤੀ ਪ੍ਰਧਾਨ ਸੂਬਾ ਹੈ, ਜੋ ਦੇਸ਼ ਦੇ ਕੁੱਲ ਕਣਕ ਅਤੇ ਝੋਨੇ ਦੇ ਉਤਪਾਦਨ ਵਿੱਚ 30 ਫ਼ੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰਦੇ ਹੋਏ ਟਿਕਾਊ ਉਤਪਾਦਨ ਲਈ ਜੈਵਿਕ ਖੇਤੀ ਇੱਕ ਬਿਹਤਰੀਨ ਬਦਲ ਹੈ। ਇਹ ਮਿਆਰੀ ਖੇਤੀ ਉਤਪਾਦਨ ਹਾਸਲ ਕਰਨ ਅਤੇ ਮਿੱਟੀ ਦੀ ਸਿਹਤ ਸੁਧਾਰਨ ਵੱਲ ਇੱਕ ਵਿਆਪਕ ਪਹੁੰਚ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਜੈਵਿਕ ਖੇਤੀ ਦੀ ਅਮੀਰ ਵਿਰਾਸਤ ਰਹੀ ਹੈ, ਪਰ ਰਸਾਇਣਕ ਖਾਦਾਂ ਵਾਲੀ ਆਧੁਨਿਕ ਖੇਤੀ ਦੇ ਤੇਜ਼ੀ ਨਾਲ ਵਧਣ ਕਾਰਨ ਇਹ ਪਛੜ ਗਈ ਸੀ। ਹੁਣ ਭੋਜਨ ਸੁਰੱਖਿਆ ਅਤੇ ਵਾਤਾਵਰਣ ਪ੍ਰਤੀ ਵੱਧ ਰਹੀ ਜਾਗਰੂਕਤਾ ਨਾਲ ਜੈਵਿਕ ਖੇਤੀ ਮੁੜ ਇੱਕ ਕਾਰਗਰ ਪ੍ਰਣਾਲੀ ਵਜੋਂ ਉੱਭਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2025-26 ਤੱਕ ਪੰਜਾਬ ਵਿੱਚ ਲਗਭਗ 30,000 ਏਕੜ ਰਕਬਾ ਪ੍ਰਮਾਣਿਤ ਜੈਵਿਕ ਖੇਤੀ ਅਧੀਨ ਆ ਚੁੱਕਾ ਹੈ।


ਸ. ਖੁੱਡੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਬਾਇਓ-ਫਰਟੀਲਾਈਜ਼ਰਜ਼ (ਜੈਵਿਕ ਖਾਦਾਂ) ਦੀ ਸਾਲਾਨਾ ਖਪਤ ਲਗਭਗ 15,000 ਤੋਂ 16,000 ਐਮ ਟੀ/ਕੇ ਐਲ ਹੈ ਅਤੇ ਇਹ ਲਗਾਤਾਰ ਵੱਧ ਰਹੀ ਹੈ। ਜੈਵਿਕ ਖੇਤੀ ਦੇ ਤੇਜ਼ੀ ਨਾਲ ਪਸਾਰ ਦੇ ਮੱਦੇਨਜ਼ਰ ਗੁਣਵੱਤਾ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਬਠਿੰਡਾ, ਗੁਰਦਾਸਪੁਰ ਅਤੇ ਐੱਸ.ਏ.ਐੱਸ. ਨਗਰ (ਮੋਹਾਲੀ) ਵਿਖੇ ਸਥਾਪਤ ਤਿੰਨੋਂ ਨਵੀਆਂ ਪ੍ਰਯੋਗਸ਼ਾਲਾਵਾਂ ਕਿਸਾਨਾਂ ਤੱਕ ਸਿਰਫ਼ ਪ੍ਰਮਾਣਿਤ ਉਤਪਾਦ ਪਹੁੰਚਾਉਣ, ਨਕਲੀ ਖਾਦਾਂ 'ਤੇ ਰੋਕ ਲਗਾਉਣ, ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ, ਜੈਵਿਕ ਖੇਤੀ ਨੂੰ ਹੁਲਾਰਾ ਦੇਣ, ਰਸਾਇਣਕ ਖਾਦਾਂ 'ਤੇ ਨਿਰਭਰਤਾ ਘਟਾਉਣ ਅਤੇ ਲੰਬੇ ਸਮੇਂ ਲਈ ਜ਼ਮੀਨ ਦੀ ਉਪਜਾਊ ਸ਼ਕਤੀ ਤੇ ਵਾਤਾਵਰਣ ਸਥਿਰਤਾ ਨੂੰ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।


ਇਸ ਮੌਕੇ ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਵਧੀਕ ਸਕੱਤਰ ਖੇਤੀਬਾੜੀ ਲਤੀਫ਼ ਅਹਿਮਦ ਅਤੇ ਡਾਇਰੈਕਟਰ ਖੇਤੀਬਾੜੀ ਗੁਰਜੀਤ ਸਿੰਘ ਬਰਾੜ ਤੇ ਏ ਡੀ ਸੀ (ਦਿਹਾਤੀ ਵਿਕਾਸ) ਸੋਨਮ ਚੌਧਰੀ ਵੀ ਹਾਜ਼ਰ ਸਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.