IMG-LOGO
ਹੋਮ ਪੰਜਾਬ: ਅਜਨਾਲਾ ਪੁਲਿਸ ਐਨਕਾਊਂਟਰ ਦੌਰਾਨ ASI ਸੁਖਚੈਨ ਸਿੰਘ ’ਤੇ ਗੋਲੀ ਚਲਾਉਣ...

ਅਜਨਾਲਾ ਪੁਲਿਸ ਐਨਕਾਊਂਟਰ ਦੌਰਾਨ ASI ਸੁਖਚੈਨ ਸਿੰਘ ’ਤੇ ਗੋਲੀ ਚਲਾਉਣ ਵਾਲਾ ਮੁੱਖ ਮੁਲਜ਼ਮ ਗੁਰੀ ਜ਼ਖ਼ਮੀ, ਤਿੰਨ ਮੁਲਜ਼ਮ ਗ੍ਰਿਫ਼ਤਾਰ

Admin User - Oct 12, 2026 04:51 PM
IMG

ਜੀਆਰਪੀ ਦੇ ਏਐੱਸਆਈ ਸੁਖਚੈਨ ਸਿੰਘ ’ਤੇ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਸ਼ੂਟਰ ਵਜੋਂ ਪਛਾਣੇ ਗਏ ਬਲਜੀਤ ਸਿੰਘ ਉਰਫ਼ ਗੁਰੀ ਦੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਹੋਏ ਮੁਕਾਬਲੇ ਵਿੱਚ ਜ਼ਖ਼ਮੀ ਹੋਣ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਇਹ ਜਾਣਕਾਰੀ ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਤੀ।

ਪੁਲਿਸ ਅਨੁਸਾਰ, 4 ਅਕਤੂਬਰ ਨੂੰ ਸ਼ਾਮ ਕਰੀਬ 7:15 ਵਜੇ ਜਗਦੇਵ ਕਲਾਂ ਨੇੜੇ ਜੀਆਰਪੀ ਵਿੱਚ ਤਾਇਨਾਤ ਏਐੱਸਆਈ ਸੁਖਚੈਨ ਸਿੰਘ ’ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸਨ। ਇਸ ਹਮਲੇ ਵਿੱਚ ਇੱਕ ਗੋਲੀ ਉਨ੍ਹਾਂ ਦੀ ਬਾਂਹ ’ਤੇ ਲੱਗੀ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਕੰਵਰਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਵਿਸ਼ੇਸ਼ ਪੁਲਿਸ ਟੀਮਾਂ ਬਣਾਈਆਂ ਗਈਆਂ।

ਇਲਾਕੇ ਵਿੱਚ ਸੀਸੀਟੀਵੀ ਕੈਮਰਿਆਂ ਦੀ ਘਾਟ ਅਤੇ ਸੁੰਨਸਾਨ ਰਸਤੇ ਕਾਰਨ ਜਾਂਚ ਵਿੱਚ ਮੁਸ਼ਕਲਾਂ ਆਈਆਂ, ਪਰ ਪੁਲਿਸ ਨੇ ਤਕਨੀਕੀ ਜਾਣਕਾਰੀ ਅਤੇ ਪੇਸ਼ੇਵਰ ਜਾਂਚ ਦੇ ਆਧਾਰ ’ਤੇ ਮੁਲਜ਼ਮਾਂ ਤੱਕ ਪਹੁੰਚਣ ਦਾ ਦਾਅਵਾ ਕੀਤਾ ਹੈ।

ਆਈਜੀ ਗੁਰਪ੍ਰੀਤ ਸਿੰਘ ਭੁੱਲਰ ਮੁਤਾਬਕ, ਮੁੱਢਲੀ ਪੁੱਛਗਿੱਛ ਵਿੱਚ ਹਮਲੇ ਦੇ ਪਿੱਛੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਅਤੇ ਵਿਦੇਸ਼ਾਂ ਵਿੱਚ ਬੈਠੇ ਹੈਂਡਲਰਾਂ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਿਮਰਨਜੀਤ ਸਿੰਘ ਉਰਫ਼ ਸਿਮਰ, ਬਲਜੀਤ ਸਿੰਘ ਅਤੇ ਬਲਜੀਤ ਸਿੰਘ ਉਰਫ਼ ਗੁਰੀ ਵਜੋਂ ਹੋਈ ਹੈ।

ਪੁਲਿਸ ਅਨੁਸਾਰ, ਵਾਰਦਾਤ ਸਮੇਂ ਸਿਮਰਨਜੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ, ਜਦਕਿ ਗੁਰੀ ਨੇ ਮੁੱਖ ਸ਼ੂਟਰ ਦੀ ਭੂਮਿਕਾ ਨਿਭਾਈ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਗੁਰੀ ਦਾ ਪਹਿਲਾਂ ਤੋਂ ਅਪਰਾਧਿਕ ਰਿਕਾਰਡ ਹੈ ਅਤੇ ਉਸ ’ਤੇ ਮਾਰਚ ਮਹੀਨੇ ਹੋਏ ਗ੍ਰਨੇਡ ਹਮਲੇ ਸਮੇਤ ਗੰਭੀਰ ਮਾਮਲੇ ਦਰਜ ਹਨ। ਜਾਂਚ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਮੁਲਜ਼ਮਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਹਮਲੇ ਲਈ ਤਿਆਰ ਕੀਤਾ ਗਿਆ ਸੀ।

ਪੁਲਿਸ ਮੁਤਾਬਕ, ਜਾਂਚ ਦੇ ਹਿੱਸੇ ਵਜੋਂ ਮੁੱਖ ਮੁਲਜ਼ਮ ਗੁਰੀ ਨੂੰ ਵਾਰਦਾਤ ਵਾਲੀ ਥਾਂ ’ਤੇ ਲਿਜਾਇਆ ਗਿਆ ਸੀ, ਤਾਂ ਜੋ ਘਟਨਾ ਨਾਲ ਜੁੜੇ ਸਬੂਤ ਇਕੱਠੇ ਕੀਤੇ ਜਾ ਸਕਣ ਅਤੇ ਉਸ ਦੇ ਫ਼ਰਾਰ ਹੋਣ ਦੇ ਰਸਤੇ ਦੀ ਪੁਸ਼ਟੀ ਕੀਤੀ ਜਾ ਸਕੇ।

ਇਸ ਦੌਰਾਨ ਪੁਲਿਸ ਦਾ ਦਾਅਵਾ ਹੈ ਕਿ ਗੁਰੀ ਨੇ ਇੱਕ ਸਬ-ਇੰਸਪੈਕਟਰ ਦਾ ਸਰਵਿਸ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਹੋਈ ਹੱਥੋਪਾਈ ਦੌਰਾਨ ਦੋ ਗੋਲੀਆਂ ਚੱਲੀਆਂ। ਪੁਲਿਸ ਅਨੁਸਾਰ, ਇੱਕ ਗੋਲੀ ਪੁਲਿਸ ਦੀ ਗੱਡੀ ਦੀ ਛੱਤ ਨੂੰ ਚੀਰਦੀ ਹੋਈ ਲੰਘ ਗਈ, ਜਦਕਿ ਦੂਜੀ ਗੁਰੀ ਦੀ ਲੱਤ ਵਿੱਚ ਲੱਗੀ। ਇਸ ਤੋਂ ਬਾਅਦ ਉਸ ਨੂੰ ਕਾਬੂ ਕਰਕੇ ਇਲਾਜ ਲਈ ਅਜਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਆਈਜੀ ਬਾਰਡਰ ਰੇਂਜ ਨੇ ਮਾਮਲੇ ਨੂੰ ਸੁਲਝਾਉਣ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ, ਡੀਐੱਸਪੀ ਅਜਨਾਲਾ ਧਰਮਿੰਦਰ ਕਲਿਆਣ, ਸੀਆਈਏ ਇੰਚਾਰਜ ਅਤੇ ਅਜਨਾਲਾ ਦੇ ਐੱਸਐੱਚਓ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਸਮਾਜ ਵਿੱਚ ਅਮਨ-ਸ਼ਾਂਤੀ ਭੰਗ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.