ਤਾਜਾ ਖਬਰਾਂ
ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ ਆੜ ਹੇਠ ਪਤੀ ਅਤੇ ਸੁਹਰੇ ਪਰਿਵਾਰ ਨਾਲ 51 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਇੱਕ ਲਾੜੀ ਨੂੰ ਰਾਏਕੋਟ ਸਦਰ ਪੁਲਿਸ ਨੇ ਸੱਤ ਸਾਲ ਬਾਅਦ ਦਿੱਲੀ ਏਅਰਪੋਰਟ ਤੋਂ ਕਾਬੂ ਕਰ ਲਿਆ ਹੈ। ਮੁਲਜ਼ਮ ਮਹਿਲਾ ਕੈਨੇਡਾ ਤੋਂ ਭਾਰਤ ਵਾਪਸ ਪਰਤੀ ਸੀ।
ਮਾਮਲਾ ਰਾਏਕੋਟ ਸਬ-ਡਵੀਜ਼ਨ ਦੇ ਪਿੰਡ ਬੋਪਾਰਾਏ ਖੁਰਦ ਦਾ ਹੈ। ਪੀੜਤ ਪਰਿਵਾਰ ਅਨੁਸਾਰ, ਸਾਲ 2019 ਵਿੱਚ ਉਨ੍ਹਾਂ ਆਪਣੇ ਬੇਟੇ ਹਰਪ੍ਰੀਤ ਸਿੰਘ ਦਾ ਵਿਆਹ ਬਰਨਾਲਾ ਜ਼ਿਲ੍ਹੇ ਦੇ ਪਿੰਡ ਦੁੱਗਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਨਾਲ ਕੀਤਾ ਸੀ, ਜਿਸ ਨੇ ਆਇਲੈਸ (IELTS) ਵਿੱਚ ਚੰਗੇ ਬੈਂਡ ਹਾਸਲ ਕੀਤੇ ਸਨ। ਦੋਵਾਂ ਪਰਿਵਾਰਾਂ ਵਿੱਚ ਤੈਅ ਹੋਇਆ ਸੀ ਕਿ ਮੁੰਡੇ ਵਾਲੇ ਲੜਕੀ ਨੂੰ ਕੈਨੇਡਾ ਭੇਜਣ ਦਾ ਸਾਰਾ ਖਰਚਾ ਚੁੱਕਣਗੇ ਅਤੇ ਜਸਪ੍ਰੀਤ ਕੌਰ ਉੱਥੇ ਜਾ ਕੇ ਹਰਪ੍ਰੀਤ ਸਿੰਘ ਨੂੰ ਵੀ ਕੈਨੇਡਾ ਬੁਲਾ ਲਵੇਗੀ। ਇਸ 'ਤੇ ਪਰਿਵਾਰ ਨੇ ਕਰੀਬ 51 ਲੱਖ 60 ਹਜ਼ਾਰ ਰੁਪਏ ਖਰਚ ਕੀਤੇ।
ਪਰ ਕੈਨੇਡਾ ਪਹੁੰਚਦਿਆਂ ਹੀ ਜਸਪ੍ਰੀਤ ਕੌਰ ਦੇ ਤੇਵਰ ਬਦਲ ਗਏ। ਉਸਨੇ ਆਪਣੇ ਪਤੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਅਤੇ ਨਾ ਹੀ ਉਸਨੂੰ ਉੱਥੇ ਸੱਦਿਆ। ਆਖ਼ਰਕਾਰ ਤੰਗ ਆ ਕੇ ਪੀੜਤ ਪਰਿਵਾਰ ਨੇ ਸਾਲ 2020 ਵਿੱਚ ਥਾਣਾ ਸਦਰ ਰਾਏਕੋਟ ਦੀ ਪੁਲਿਸ ਚੌਂਕੀ ਜਲਾਲਦੀਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ।
ਪੁਲਿਸ ਨੇ ਕਾਰਵਾਈ ਕਰਦਿਆਂ ਐਨਆਰਆਈ ਲੜਕੀ ਜਸਪ੍ਰੀਤ ਕੌਰ, ਉਸਦੇ ਪੇਕੇ ਪਰਿਵਾਰ, ਵਿਚੋਲੇ ਅਤੇ ਮੰਡੀ ਅਹਿਮਦਗੜ੍ਹ ਦੇ ਇੱਕ ਟਰੈਵਲ ਏਜੰਟ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ ਅਤੇ ਏਅਰਪੋਰਟ ਨੂੰ ਨੋਟਿਸ ਭੇਜਿਆ ਹੋਇਆ ਸੀ।
ਪੀੜਤ ਪਰਿਵਾਰ ਦੇ ਵਕੀਲ ਅਸ਼ੋਕ ਭੰਡਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਲਈ ਲੰਬੀ ਕਾਨੂੰਨੀ ਲੜਾਈ ਲੜੀ ਗਈ ਹੈ। ਉੱਥੇ ਹੀ, ਥਾਣੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਲੜਕੀ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ ਦੋ ਦਿਨ ਦਾ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Get all latest content delivered to your email a few times a month.