ਤਾਜਾ ਖਬਰਾਂ
ਲੌਂਗੋਵਾਲ, ਇਲਾਕੇ ਵਿੱਚ ਖੇਡ ਸਟੇਡੀਅਮ ਦੀ ਉਸਾਰੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਖਿਡਾਰੀਆਂ ਅਤੇ ਨੌਜਵਾਨਾਂ ਨੇ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਖਿਡਾਰੀਆਂ ਨੇ ਸਰਕਾਰ ਵੱਲੋਂ ਪੁਲਿਸ ਥਾਣੇ ਨੇੜੇ ਮਨਜ਼ੂਰ ਕੀਤੇ ਜਾ ਰਹੇ ਖੇਡ ਸਟੇਡੀਅਮ ਦੀ ਉਸਾਰੀ ਵਿੱਚ ਅੜਿੱਕੇ ਪਾਉਣ ਵਾਲਿਆਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਇਆ। ਇਸ ਪ੍ਰਦਰਸ਼ਨ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ, ਕਿਰਤੀ ਕਿਸਾਨ ਯੂਨੀਅਨ, ਵੱਖ-ਵੱਖ ਜਨਤਕ ਜਥੇਬੰਦੀਆਂ, ਕਿਸਾਨਾਂ, ਸਮਾਜਿਕ ਕਾਰਕੁਨਾਂ ਅਤੇ ਖੇਡ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਰੋਸ ਮਾਰਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਲੌਂਗੋਵਾਲ ਦੇ ਖੇਡ ਮੈਦਾਨ ਤੋਂ ਸ਼ੁਰੂ ਹੋ ਕੇ ਪੁਲਿਸ ਥਾਣੇ ਨੇੜੇ ਸਟੇਡੀਅਮ ਲਈ ਰਾਖਵੀਂ ਜਗ੍ਹਾ ’ਤੇ ਸਮਾਪਤ ਹੋਇਆ। ਸਰਾਭਾ ਕਲੱਬ ਦੇ ਆਗੂ ਬਲਵਿੰਦਰ ਸਿੰਘ ਅਤੇ ਮਾਸਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੌਂਗੋਵਾਲ ਵਿੱਚ ਖਿਡਾਰੀਆਂ ਲਈ ਢੁੱਕਵੇਂ ਖੇਡ ਮੈਦਾਨ ਦੀ ਘਾਟ ਹੈ। ਕਲੱਬ ਅਤੇ ਇਲਾਕਾ ਨਿਵਾਸੀ ਪਿਛਲੇ ਕਰੀਬ 20 ਸਾਲਾਂ ਤੋਂ ਸਟੇਡੀਅਮ ਦੀ ਉਸਾਰੀ ਲਈ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਮੁਤਾਬਕ, ਲੋਕਾਂ ਦੀ ਲੰਮੇ ਸਮੇਂ ਤੋਂ ਲਟਕਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਤਿੰਨ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਟੇਡੀਅਮ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਹੁਣ ਸਟੇਡੀਅਮ ਦੀ ਉਸਾਰੀ ਸ਼ੁਰੂ ਹੋਣ ਦੀ ਸੰਭਾਵਨਾ ਵਿਚਕਾਰ ਕੁਝ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਛੀਆਂ ਅਤੇ ਮੋਰਾਂ ਦੇ ਰੈਣ-ਬਸੇਰੇ ਦੇ ਨਾਂ ’ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜਦਕਿ ਉਨ੍ਹਾਂ ਦੇ ਰਹਿਣ ਲਈ ਥਾਂ ਛੱਡਣ ਦੀ ਤਜਵੀਜ਼ ਪਹਿਲਾਂ ਹੀ ਰੱਖੀ ਗਈ ਹੈ।
ਇਸ ਮਾਮਲੇ ਨੇ ਉਸ ਸਮੇਂ ਹੋਰ ਚਰਚਾ ਫੜੀ ਜਦੋਂ ਪੰਥਕ ਸ਼ਖ਼ਸੀਅਤ ਅਤੇ ਸਮਾਜਿਕ ਕਾਰਕੁਨ ਮੋਹਨਜੀਤ ਸਿੰਘ ਸ਼ੇਰੋਂ ਵੱਲੋਂ ਸਟੇਡੀਅਮ ਦੀ ਉਸਾਰੀ ’ਤੇ ਸਵਾਲ ਉਠਾਏ ਗਏ। ਇਸ ਤੋਂ ਬਾਅਦ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੇ ਰੋਸ ਮਾਰਚ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸਟੇਡੀਅਮ ਦੇ ਮਾਮਲੇ ਵਿੱਚ ਦਖ਼ਲ ਨਾ ਦੇਣ।
ਖਿਡਾਰੀਆਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰਨ ਵਿੱਚ ਖੇਡਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਅਨੁਸਾਰ, ਲੌਂਗੋਵਾਲ ਵਿੱਚ ਆਧੁਨਿਕ ਖੇਡ ਸਟੇਡੀਅਮ ਬਣਨ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਦੇ ਬਿਹਤਰ ਮੌਕੇ ਮਿਲਣਗੇ।
ਇਸ ਮੌਕੇ ਡਾ. ਮਲਵਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ, ਹਰਦੀਪ ਸਿੰਘ ਖੈਹਰਾ, ਗੁਰਪ੍ਰੀਤ ਧੱਕੜ, ਗੁਰਮੀਤ ਖਾਂ, ਗੁਰਵਿੰਦਰ ਸਿੰਘ, ਬੀਰਬਲ ਸਿੰਘ ਅਤੇ ਵੱਖ-ਵੱਖ ਖੇਡਾਂ ਨਾਲ ਜੁੜੇ ਖਿਡਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Get all latest content delivered to your email a few times a month.