ਤਾਜਾ ਖਬਰਾਂ
ਬਠਿੰਡਾ: ਨਸ਼ਿਆਂ ਅਤੇ ਚੋਰੀ ਦੀਆਂ ਵਧਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਬਠਿੰਡਾ ਦੇ ਪਿੰਡ ਨਰੂਆਣਾ ਦੀ ਗ੍ਰਾਮ ਪੰਚਾਇਤ ਨੇ ਇੱਕ ਨਵਾਂ ਅਤੇ ਸਖ਼ਤ ਕਦਮ ਚੁੱਕਿਆ ਹੈ। ਪੰਚਾਇਤ ਨੇ ਮਤਾ ਪਾਸ ਕਰਦਿਆਂ ਪਿੰਡ ਦੀਆਂ ਦੁਕਾਨਾਂ 'ਤੇ ਐਨਰਜੀ ਡਰਿੰਕਾਂ ਦੀ ਵਿਕਰੀ ਉੱਤੇ ਮੁਕੰਮਲ ਰੋਕ ਲਗਾ ਦਿੱਤੀ ਹੈ।
ਸਰਪੰਚ ਗੁਰਧਿਆਨ ਸਿੰਘ ਅਨੁਸਾਰ ਪਿੰਡ ਦੇ ਨਾਲ ਲੱਗਦੀ ਬੀੜ ਤਲਾਬ ਬਸਤੀ ਵਿੱਚ ਨਸ਼ਾ ਤਸਕਰੀ ਦਾ ਬੋਲਬਾਲਾ ਹੈ। ਕੁਝ ਸ਼ੱਕੀ ਵਿਅਕਤੀ ਉੱਥੋਂ ਨਸ਼ਾ ਲਿਆ ਕੇ ਨਰੂਆਣਾ ਦੀਆਂ ਦੁਕਾਨਾਂ 'ਤੇ ਬੈਠ ਕੇ ਐਨਰਜੀ ਡਰਿੰਕ ਪੀਂਦੇ ਹਨ ਅਤੇ ਕਾਫ਼ੀ ਸਮਾਂ ਉੱਥੇ ਹੀ ਗੁਜ਼ਾਰਦੇ ਹਨ। ਪੰਚਾਇਤ ਨੂੰ ਖ਼ਦਸ਼ਾ ਹੈ ਕਿ ਇਹ ਲੋਕ ਡਰਿੰਕ ਪੀਣ ਦੇ ਬਹਾਨੇ ਆਸ-ਪਾਸ ਦੇ ਘਰਾਂ ਦੀ ਰੈਕੀ ਕਰਦੇ ਹਨ, ਜਿਸ ਨਾਲ ਪਿੰਡ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ।
ਪੰਚਾਇਤ ਦਾ ਕਹਿਣਾ ਹੈ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਢੁਕਵਾਂ ਹੱਲ ਨਹੀਂ ਨਿਕਲਿਆ, ਜਿਸ ਤੋਂ ਬਾਅਦ ਇਹ ਫ਼ੈਸਲਾ ਲੈਣਾ ਪਿਆ। ਹੁਣ ਜੇਕਰ ਕੋਈ ਦੁਕਾਨਦਾਰ ਪਿੰਡ ਵਿੱਚ ਐਨਰਜੀ ਡਰਿੰਕ ਵੇਚਦਾ ਫੜਿਆ ਗਿਆ, ਤਾਂ ਉਸ ਨੂੰ ਜੁਰਮਾਨਾ ਕੀਤਾ ਜਾਵੇਗਾ ਅਤੇ ਪਿੰਡ ਵੱਲੋਂ ਉਸ ਦਾ ਸਮਾਜਿਕ ਬਾਈਕਾਟ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ ਦੁਕਾਨਾਂ ਦੇ ਸੈਂਟਰ ਲਾਕ ਲਗਵਾਏ ਜਾ ਰਹੇ ਹਨ।
ਦੂਜੇ ਪਾਸੇ, ਥਾਣਾ ਸਦਰ ਦੇ ਐੱਸ.ਐੱਚ.ਓ. ਮਨੀਸ਼ ਕੁਮਾਰ ਨੇ ਪਿੰਡ ਵਿੱਚ ਵੱਡੀਆਂ ਚੋਰੀਆਂ ਦੇ ਦਾਅਵੇ ਨੂੰ ਨਕਾਰਿਆ ਹੈ। ਉਨ੍ਹਾਂ ਦੱਸਿਆ ਕਿ ਚੋਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੀੜ ਤਲਾਬ ਬਸਤੀ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਗੱਲ ਕਰਦਿਆਂ ਉਨ੍ਹਾਂ ਆਖਿਆ ਕਿ ਪੁਲਿਸ ਵੱਲੋਂ ਤਸਕਰਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.