ਤਾਜਾ ਖਬਰਾਂ
ਤਰਨਤਾਰਨ ਦੇ ਪ੍ਰਵੀਨ ਕੁਮਾਰ ਨੇ ਹਾਲ ਹੀ ਵਿੱਚ ਹੋਈ ਰਾਸ਼ਟਰੀ ਆਰਮ ਰੈਸਲਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ। ਜੰਮੂ-ਕਸ਼ਮੀਰ ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਦੇਸ਼ ਦੇ 10 ਤੋਂ ਵੱਧ ਰਾਜਾਂ ਤੋਂ ਲਗਭਗ 400 ਖਿਡਾਰੀਆਂ ਨੇ ਭਾਗ ਲਿਆ, ਜਿਸ ਵਿੱਚ ਪ੍ਰਵੀਨ ਨੇ ਆਪਣੀ ਸ਼ਾਨਦਾਰ ਖੇਡ ਦੇ ਦਮ 'ਤੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਕਿਹਾ ਕਿ ਪ੍ਰਵੀਨ ਦੀ ਇਹ ਜਿੱਤ ਖੇਡ ਜਗਤ ਅਤੇ ਪੂਰੇ ਸਮਾਜ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਕਿਹਾ ਕਿ ਸਹੀ ਮੌਕੇ ਮਿਲਣ 'ਤੇ ਦਿਵਿਆਂਗ ਖਿਡਾਰੀ ਹਰ ਮੈਦਾਨ ਵਿੱਚ ਆਪਣਾ ਲੋਹਾ ਮਨਵਾ ਸਕਦੇ ਹਨ।
ਸੈਣੀ ਨੇ ਸਰਕਾਰ ਦਾ ਧਿਆਨ ਦਿਵਾਉਂਦਿਆਂ ਦੱਸਿਆ ਕਿ ਪ੍ਰਵੀਨ ਨੇ ਇਹ ਮੁਕਾਮ ਬਿਨਾਂ ਕਿਸੇ ਸਰਕਾਰੀ ਮਦਦ ਦੇ ਹਾਸਲ ਕੀਤਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਹੋਣਹਾਰ ਐਥਲੀਟਾਂ ਨੂੰ ਆਰਥਿਕ ਸਹਾਇਤਾ, ਵਧੀਆ ਕੋਚਿੰਗ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ ਤਾਂ ਜੋ ਉਹ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦੀ ਨੁਮਾਇੰਦਗੀ ਕਰ ਸਕਣ।
Get all latest content delivered to your email a few times a month.