ਤਾਜਾ ਖਬਰਾਂ
ਭਾਰਤੀ ਭੋਜਨ ਸੁਰੱਖਿਆ ਅਤੇ ਮਾਪਦੰਡ ਅਥਾਰਟੀ (FSSAI) ਵੱਲੋਂ ਅਯੁੱਧਿਆ ਦੇ ਸ਼੍ਰੀ ਰਾਮ ਮੰਦਰ 'ਚ ਭਗਵਾਨ ਰਾਮ ਨੂੰ ਚੜ੍ਹਾਏ ਜਾਣ ਵਾਲੇ ਪ੍ਰਸ਼ਾਦ ਦੀ ਗੁਣਵੱਤਾ, ਸੁਰੱਖਿਆ ਅਤੇ ਸਫਾਈ ਨੂੰ ਅਧਿਕਾਰਤ ਮਨਜ਼ੂਰੀ ਦਿੱਤੀ ਜਾ ਰਹੀ ਹੈ। ਮੰਦਰ ਦੀ ਰਸੋਈ ਅਤੇ ਪ੍ਰਸ਼ਾਦ ਤਿਆਰ ਕਰਨ ਦੀ ਪੂਰੀ ਪ੍ਰਕਿਰਿਆ ਦਾ ਭੋਜਨ ਸੁਰੱਖਿਆ ਆਡਿਟ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ।
ਨਿਰਧਾਰਤ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਤੋਂ ਬਾਅਦ ਹੁਣ ਰਾਮ ਮੰਦਰ ਨੂੰ 'ਭੋਗ' (BHOG - Blissful Hygiene Offering to God) ਪ੍ਰਮਾਣਿਤ ਧਾਰਮਿਕ ਸਥਾਨਾਂ ਦੀ ਸੂਚੀ 'ਚ ਸ਼ਾਮਲ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਪ੍ਰਸ਼ਾਦ ਲਈ ਵਰਤੀ ਜਾਂਦੀ ਸਮੱਗਰੀ, ਪਾਣੀ, ਰਸੋਈ ਦੀ ਸਫਾਈ, ਸਟਾਫ ਦੀ ਹਾਈਜੀਨ ਅਤੇ ਭੋਜਨ ਬਣਾਉਣ ਦੇ ਸਾਰੇ ਤਰੀਕੇ ਫੂਡ ਸੇਫਟੀ ਦੇ ਨਿਯਮਾਂ ਦੇ ਅਨੁਕੂਲ ਹਨ। ਇਸ ਪਹਿਲਕਦਮੀ ਦਾ ਮੁੱਖ ਮਕਸਦ ਸ਼ਰਧਾਲੂਆਂ ਤੱਕ ਸ਼ੁੱਧ ਅਤੇ ਸੁਰੱਖਿਅਤ ਪ੍ਰਸ਼ਾਦ ਪਹੁੰਚਾਉਣਾ ਹੈ।
FSSAI ਨੇ ਇਸ ਸਾਲ ਦੇਸ਼ ਭਰ ਦੇ 256 ਧਾਰਮਿਕ ਸਥਾਨਾਂ ਨੂੰ ਇਸ ਪ੍ਰਮਾਣਿਤ ਸੂਚੀ 'ਚ ਸ਼ਾਮਲ ਕੀਤਾ ਹੈ। ਉੱਤਰ ਪ੍ਰਦੇਸ਼ ਦੇ 17 ਅਤੇ ਹਿਮਾਚਲ ਪ੍ਰਦੇਸ਼ ਦੇ 8 ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਇਹ ਮਾਨਤਾ ਮਿਲੀ ਹੈ। ਯੂ.ਪੀ. ਦੀ 2026 ਦੀ ਸੂਚੀ 'ਚ ਕਾਨਪੁਰ ਦਾ ਕੁਸ਼ਮਾਂਡਾ ਦੇਵੀ ਮੰਦਰ, ਏਟਾ ਦਾ ਕੈਲਾਸ਼ ਮੰਦਰ, ਦਾਂਘਹਾਟੀ ਮੰਦਰ, ਦਾਉਜੀ ਮੰਦਰ, ਸ਼੍ਰੀ ਹਨੂੰਮਾਨ ਜੀ ਮਹਾਰਾਜ ਮੰਦਰ, ਠਾਕੁਰ ਸ਼੍ਰੀ ਦਵਾਰਕਾਧੀਸ਼ ਜੀ ਮੰਦਰ ਅਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਰਗੇ ਪ੍ਰਮੁੱਖ ਸਥਾਨ ਸ਼ਾਮਲ ਹਨ।
ਖ਼ਾਸ ਗੱਲ ਇਹ ਹੈ ਕਿ FSSAI ਦੀ ਇਹ 'ਭੋਗ' ਯੋਜਨਾ ਸਿਰਫ਼ ਮੰਦਰਾਂ ਤੱਕ ਹੀ ਸੀਮਤ ਨਹੀਂ ਹੈ। ਇਸ 'ਚ ਗੁਰਦੁਆਰੇ, ਚਰਚ, ਮਸਜਿਦਾਂ, ਬੋਧੀ ਅਤੇ ਜੈਨ ਧਾਰਮਿਕ ਸਥਾਨਾਂ ਨੂੰ ਵੀ ਬਰਾਬਰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਹਰ ਧਾਰਮਿਕ ਸਥਾਨ 'ਤੇ ਸ਼ਰਧਾਲੂਆਂ ਨੂੰ ਮਿਲਣ ਵਾਲਾ ਪ੍ਰਸ਼ਾਦ, ਲੰਗਰ ਜਾਂ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਪੂਰੀ ਤਰ੍ਹਾਂ ਸ਼ੁੱਧ ਅਤੇ ਸੁਰੱਖਿਅਤ ਹੋਣ।
Get all latest content delivered to your email a few times a month.