ਤਾਜਾ ਖਬਰਾਂ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਦੀਵਾਨਗੜ੍ਹ ਉਰਫ਼ ਕਾਇਮਪੁਰ ਵਿਖੇ ‘ਮੇਰਾ ਘਰ, ਮੇਰੇ ਨਾਂ’ ਸਕੀਮ ਤਹਿਤ 194 ਯੋਗ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡ ਵੰਡੇ। ਉਨ੍ਹਾਂ ਕਿਹਾ ਕਿ ਇਹ ਕਾਰਡ ਲਾਲ ਡੋਰੇ ਅੰਦਰ ਸਥਿਤ ਘਰਾਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਉਨ੍ਹਾਂ ਦੀ ਰਿਹਾਇਸ਼ੀ ਜਾਇਦਾਦ ਦੀ ਮਾਲਕੀ ਦਾ ਰਸਮੀ ਦਸਤਾਵੇਜ਼ ਮੁਹੱਈਆ ਕਰਵਾਉਣ ਵੱਲ ਅਹਿਮ ਕਦਮ ਹੈ। ਹਲਕਾ ਦਿੜ੍ਹਬਾ ਵਿੱਚ ਇਸ ਸਕੀਮ ਤਹਿਤ ਕੁੱਲ 25,122 ਪ੍ਰਾਪਰਟੀ ਕਾਰਡ ਵੰਡੇ ਜਾਣੇ ਹਨ।
ਸ੍ਰੀ ਚੀਮਾ ਨੇ ਕਿਹਾ ਕਿ ਕਿਸੇ ਵੀ ਪਰਿਵਾਰ ਲਈ ਆਪਣਾ ਘਰ ਸਿਰਫ਼ ਇੱਕ ਜਾਇਦਾਦ ਨਹੀਂ, ਸਗੋਂ ਉਸ ਦੀਆਂ ਭਾਵਨਾਵਾਂ, ਮਿਹਨਤ ਅਤੇ ਭਵਿੱਖ ਨਾਲ ਜੁੜਿਆ ਹੁੰਦਾ ਹੈ। ਕਈ ਪਰਿਵਾਰ ਪੀੜ੍ਹੀਆਂ ਤੋਂ ਲਾਲ ਡੋਰੇ ਅੰਦਰ ਆਪਣੇ ਘਰਾਂ ਵਿੱਚ ਰਹਿ ਰਹੇ ਹਨ, ਪਰ ਮਾਲਕੀ ਦਾ ਸਪੱਸ਼ਟ ਰਿਕਾਰਡ ਨਾ ਹੋਣ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਾਪਰਟੀ ਕਾਰਡ ਅਜਿਹੇ ਪਰਿਵਾਰਾਂ ਨੂੰ ਮਾਲਕੀ ਦੀ ਦਸਤਾਵੇਜ਼ੀ ਪਛਾਣ ਦੇਣ ਵਿੱਚ ਮਦਦਗਾਰ ਸਾਬਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਡਰੋਨ ਸਰਵੇ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਜਾਇਦਾਦਾਂ ਦੀ ਹੱਦਬੰਦੀ, ਮੈਪਿੰਗ ਅਤੇ ਮਾਲਕੀ ਨਾਲ ਸਬੰਧਤ ਰਿਕਾਰਡ ਤਿਆਰ ਕੀਤਾ ਜਾਂਦਾ ਹੈ। ਇਸ ਨਾਲ ਜਾਇਦਾਦਾਂ ਦੀ ਜਾਣਕਾਰੀ ਵਧੇਰੇ ਸਪੱਸ਼ਟ ਹੋਣ ਦੇ ਨਾਲ-ਨਾਲ ਪਾਰਦਰਸ਼ਤਾ ਵਧੇਗੀ ਅਤੇ ਭਵਿੱਖ ਵਿੱਚ ਮਾਲਕੀ ਸਬੰਧੀ ਵਿਵਾਦਾਂ ਨੂੰ ਘਟਾਉਣ ਵਿੱਚ ਵੀ ਸਹਾਇਤਾ ਮਿਲੇਗੀ।
ਵਿੱਤ ਮੰਤਰੀ ਨੇ ਕਿਹਾ ਕਿ ਪ੍ਰਾਪਰਟੀ ਕਾਰਡ ਪਰਿਵਾਰਾਂ ਲਈ ਆਪਣੇ ਘਰ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਹੈ। ਰਸਮੀ ਰਿਕਾਰਡ ਹੋਣ ਨਾਲ ਘਰਾਂ ਦੀ ਸੰਭਾਲ, ਸੁਧਾਰ ਅਤੇ ਭਵਿੱਖੀ ਯੋਜਨਾਬੰਦੀ ਵਿੱਚ ਲੋਕਾਂ ਨੂੰ ਵਧੇਰੇ ਭਰੋਸਾ ਮਿਲੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜਾਇਦਾਦ ਦਾ ਰਿਕਾਰਡ ਹੋਣ ਨਾਲ ਬੈਂਕ ਕਰਜ਼ੇ ਲਈ ਅਰਜ਼ੀ ਦੇਣ ਵਿੱਚ ਸਹੂਲਤ ਹੋ ਸਕਦੀ ਹੈ, ਪਰ ਕਰਜ਼ੇ ਦੀ ਮਨਜ਼ੂਰੀ ਬੈਂਕ ਦੇ ਨਿਯਮਾਂ ਅਤੇ ਬਿਨੈਕਾਰ ਦੀ ਯੋਗਤਾ ’ਤੇ ਨਿਰਭਰ ਕਰੇਗੀ।
ਸ੍ਰੀ ਚੀਮਾ ਨੇ ਲਾਭਪਾਤਰੀਆਂ ਨੂੰ ਆਪਣੇ ਪ੍ਰਾਪਰਟੀ ਕਾਰਡ ਵਿੱਚ ਦਰਜ ਨਾਮ, ਪਤੇ ਅਤੇ ਹੋਰ ਵੇਰਵਿਆਂ ਦੀ ਧਿਆਨ ਨਾਲ ਜਾਂਚ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਗਲਤੀ ਸਾਹਮਣੇ ਆਉਣ ’ਤੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਰਿਕਾਰਡ ਵਿੱਚ ਲੋੜੀਂਦੀ ਸੋਧ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ ਹਰ ਯੋਗ ਪਰਿਵਾਰ ਨੂੰ ਇਸ ਸਕੀਮ ਦਾ ਲਾਭ ਦੇ ਕੇ ਉਸ ਦੇ ਘਰ ਦੀ ਮਾਲਕੀ ਦਾ ਰਿਕਾਰਡ ਸਪੱਸ਼ਟ ਕਰਨਾ ਹੈ।
Get all latest content delivered to your email a few times a month.