IMG-LOGO
ਹੋਮ ਪੰਜਾਬ: ਪੰਜਾਬ ’ਚ ਸਿਆਸੀ ਧਮਾਕਾ: ਚੋਣਾਂ ਤੋਂ ਠੀਕ ਪਹਿਲਾਂ ਸੀਬੀਆਈ ਦੀ...

ਪੰਜਾਬ ’ਚ ਸਿਆਸੀ ਧਮਾਕਾ: ਚੋਣਾਂ ਤੋਂ ਠੀਕ ਪਹਿਲਾਂ ਸੀਬੀਆਈ ਦੀ ਰੇਡ, 'ਆਪ' ਨੇ ਕੇਂਦਰ ਵਿਰੁੱਧ ਖੋਲ੍ਹਿਆ ਮੋਰਚਾ

Admin User - Oct 07, 2026 10:51 AM
IMG

ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਕੁਝ ਮਹੀਨੇ ਪਹਿਲਾਂ ਸੂਬੇ ਦੀ ਰਾਜਨੀਤੀ ਵਿੱਚ ਵੱਡਾ ਉਬਾਲ ਆ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੈਂਪ ਦਫ਼ਤਰ 'ਤੇ ਕੇਂਦਰੀ ਜਾਂਚ ਏਜੰਸੀ (CBI) ਦੀ ਛਾਪੇਮਾਰੀ ਤੋਂ ਬਾਅਦ ਆਮ ਆਦਮੀ ਪਾਰਟੀ (AAP) ਅਤੇ ਭਾਰਤੀ ਜਨਤਾ ਪਾਰਟੀ (BJP) ਆਹਮੋ-ਪ੍ਰਾਹਮਣੇ ਹੋ ਗਈਆਂ ਹਨ। 'ਆਪ' ਨੇ ਕੇਂਦਰ ਸਰਕਾਰ 'ਤੇ ਸਿੱਧਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਚੋਣਾਂ ਵਿੱਚ ਆਪਣੀ ਹਾਰ ਦੇ ਡਰੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।


'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ 'ਤੇ ਪੰਜਾਬੀਆਂ ਨਾਲ ਲਗਾਤਾਰ ਵਿਤਕਰਾ ਕਰਨ ਦੇ ਗੰਭੀਰ ਦੋਸ਼ ਲਗਾਏ। ਕਿਸਾਨ ਅੰਦੋਲਨ, ਪੰਜਾਬ ਦੇ ਪਾਣੀਆਂ ਅਤੇ ਪੰਜਾਬ ਯੂਨੀਵਰਸਿਟੀ ਵਰਗੇ ਸੰਵੇਦਨਸ਼ੀਲ ਮੁੱਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, "ਚੋਣਾਂ ਤੋਂ ਮਹਿਜ਼ ਦੋ ਮਹੀਨੇ ਪਹਿਲਾਂ ਮੁੱਖ ਮੰਤਰੀ ਦਫ਼ਤਰ 'ਤੇ ਰੇਡ ਪੁਆਉਣਾ ਭਾਜਪਾ ਦੀ ਘਬਰਾਹਟ ਨੂੰ ਸਾਫ਼ ਦਰਸਾਉਂਦਾ ਹੈ। ਭਾਜਪਾ ਚੋਣ ਮੈਦਾਨ 'ਚ ਸਿੱਧੀ ਟੱਕਰ ਨਹੀਂ ਲੈ ਸਕਦੀ, ਇਸੇ ਲਈ ਈਡੀ ਅਤੇ ਸੀਬੀਆਈ ਦਾ ਸਹਾਰਾ ਲੈ ਰਹੀ ਹੈ।" ਕੇਜਰੀਵਾਲ ਨੇ ਦਾਅਵਾ ਕੀਤਾ ਕਿ ਸੂਬੇ ਦੇ ਲੋਕ ਇਨ੍ਹਾਂ ਛਾਪਿਆਂ ਦਾ ਢੁੱਕਵਾਂ ਜਵਾਬ ਭਗਵੰਤ ਮਾਨ ਨੂੰ 100 ਤੋਂ ਵੱਧ ਸੀਟਾਂ ਜਿਤਾ ਕੇ ਦੇਣਗੇ।


ਪਾਰਟੀ ਦੇ ਕੌਮੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਵੀ ਸੀਬੀਆਈ ਦੀ ਇਸ ਕਾਰਵਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੌਖਲਾਹਟ ਦਾ ਨਤੀਜਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀ ਧਰਤੀ 'ਚ ਆਪਣੇ ਰਾਜਨੀਤਿਕ ਪੈਰ ਜਮਾਉਣ 'ਚ ਅਸਫ਼ਲ ਰਹੀ ਹੈ, ਜਿਸ ਕਾਰਨ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ। ਢਾਂਡਾ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਪੰਜਾਬ ਨੂੰ ਡਰਾਇਆ ਨਹੀਂ ਜਾ ਸਕਦਾ ਅਤੇ ਪੰਜਾਬੀ ਅਜਿਹੇ ਡਰਾਵਿਆਂ ਅੱਗੇ ਕਦੇ ਨਹੀਂ ਝੁਕਦੇ।


ਜ਼ਿਕਰਯੋਗ ਹੈ ਕਿ ਚੋਣਾਂ ਦੇ ਐਲਾਨ ਤੋਂ ਪਹਿਲਾਂ ਹੋਈ ਇਸ ਕਾਰਵਾਈ ਨੇ ਪੰਜਾਬ ਦੇ ਰਾਜਨੀਤਿਕ ਸਮੀਕਰਨਾਂ 'ਚ ਉਥਲ-ਪੁਥਲ ਮਚਾ ਦਿੱਤੀ ਹੈ। ਇੱਕ ਪਾਸੇ ਜਿੱਥੇ 'ਆਪ' ਇਸ ਨੂੰ ਸਿਆਸੀ ਬਦਲਾਖੋਰੀ ਦੱਸ ਕੇ ਜਨਤਾ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ 'ਚ ਹੈ, ਉੱਥੇ ਹੀ ਆਉਣ ਵਾਲੇ ਦਿਨਾਂ 'ਚ ਕੇਂਦਰ ਅਤੇ ਸੂਬਾ ਸਰਕਾਰ ਵਿਚਾਲੇ ਇਹ ਟਕਰਾਅ ਹੋਰ ਤਿੱਖਾ ਹੋਣ ਦੇ ਆਸਾਰ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.