ਤਾਜਾ ਖਬਰਾਂ
ਏਸ਼ੀਅਨ ਗੇਮਜ਼ 2026 ਦੌਰਾਨ ਭਾਰਤੀ ਹਾਕੀ ਜਗਤ ਤੋਂ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਹੈ। ਏਸ਼ੀਅਨ ਹਾਕੀ ਫੈਡਰੇਸ਼ਨ ਵੱਲੋਂ ਗੇਮਜ਼ ਲਈ ਅੰਪਾਇਰ ਮੈਨੇਜਰ ਨਿਯੁਕਤ ਕੀਤੇ ਗਏ ਭਾਰਤ ਦੇ ਗੁਰਿੰਦਰ ਸਿੰਘ ਸਾਂਘਾ 'ਤੇ ਬਦਸਲੂਕੀ ਦੇ ਇਲਜ਼ਾਮ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਟੂਰਨਾਮੈਂਟ ਵਿਚਾਲੇ ਹੀ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਮਲੇਸ਼ੀਆ ਦੀ ਇੱਕ ਮਹਿਲਾ ਹਾਕੀ ਅਧਿਕਾਰੀ ਨੇ ਸਾਂਘਾ ਖ਼ਿਲਾਫ਼ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗੱਲਬਾਤ ਦੌਰਾਨ ਭਾਰਤੀ ਅੰਪਾਇਰ ਮੈਨੇਜਰ ਨੇ ਉਨ੍ਹਾਂ ਨੂੰ ਜ਼ਬਰਦਸਤੀ ਕਈ ਵਾਰ ਗਲੇ ਲਗਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਧਿਕਾਰੀ ਤੋਂ ਇਲਾਵਾ ਹੋਟਲ ਸਟਾਫ਼ ਵੱਲੋਂ ਵੀ ਉਨ੍ਹਾਂ ਦੇ ਵਿਵਹਾਰ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਸਾਂਘਾ ਦੋ ਦਿਨ ਪਹਿਲਾਂ ਹੀ ਭਾਰਤ ਪਰਤ ਆਏ ਹਨ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਗੁਰਿੰਦਰ ਸਿੰਘ ਸਾਂਘਾ ਅਜਿਹੇ ਵਿਵਾਦਾਂ ਵਿੱਚ ਘਿਰੇ ਹਨ। ਇਸ ਤੋਂ ਪਹਿਲਾਂ ਸਾਲ 2025 ਵਿੱਚ ਹਾਕੀ ਇੰਡੀਆ ਲੀਗ (HIL) ਦੇ ਰਾਂਚੀ ਚਰਨ ਦੌਰਾਨ ਵੀ ਇੱਕ ਮਹਿਲਾ ਅੰਪਾਇਰ ਨੇ ਉਨ੍ਹਾਂ 'ਤੇ ਅਜਿਹੇ ਹੀ ਗੰਭੀਰ ਦੋਸ਼ ਲਾਏ ਸਨ। ਹਾਲਾਂਕਿ ਉਸ ਵੇਲੇ ਹਾਕੀ ਇੰਡੀਆ ਦੁਆਰਾ ਬਣਾਈ ਗਈ ਤਿੰਨ ਮੈਂਬਰੀ ਜਾਂਚ ਕਮੇਟੀ ਨੂੰ ਪੁਖ਼ਤਾ ਸਬੂਤ ਨਾ ਮਿਲਣ ਕਾਰਨ ਮਾਮਲਾ ਸ਼ਾਂਤ ਹੋ ਗਿਆ ਸੀ, ਪਰ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਦੁਬਾਰਾ ਲੱਗੇ ਇਨ੍ਹਾਂ ਦੋਸ਼ਾਂ ਨੇ ਭਾਰਤੀ ਹਾਕੀ ਪ੍ਰਸ਼ਾਸਨ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
Get all latest content delivered to your email a few times a month.