ਤਾਜਾ ਖਬਰਾਂ
ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਵਲੋਂ 2027 ਦੇ ਵਨਡੇ ਵਿਸ਼ਵ ਕੱਪ ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਗਿਆ ਹੈ। ਪਿਛਲੇ ਟੂਰਨਾਮੈਂਟ ਦੀ ਉਪ-ਜੇਤੂ ਰਹੀ ਭਾਰਤੀ ਟੀਮ ਆਪਣੇ ਮਿਸ਼ਨ ਦੀ ਸ਼ੁਰੂਆਤ 7 ਅਕਤੂਬਰ ਨੂੰ ਕੇਪ ਟਾਊਨ ਦੇ ਇਤਿਹਾਸਕ ਨਿਊਲੈਂਡਜ਼ ਸਟੇਡੀਅਮ 'ਚ ਮੌਜੂਦਾ ਚੈਂਪੀਅਨ ਆਸਟ੍ਰੇਲੀਆ ਖ਼ਿਲਾਫ਼ ਖੇਡੇ ਜਾਣ ਵਾਲੇ ਧਮਾਕੇਦਾਰ ਮੈਚ ਨਾਲ ਕਰੇਗੀ।
ਇਸ ਤੋਂ ਤੁਰੰਤ ਬਾਅਦ, 10 ਅਕਤੂਬਰ ਨੂੰ ਜੋਹਾਨਸਬਰਗ ਦੇ ਵਾਂਡਰਰਸ ਸਟੇਡੀਅਮ ਵਿੱਚ ਪ੍ਰਸ਼ੰਸਕਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਭ ਤੋਂ ਵੱਡਾ ਟਕਰਾਅ ਦੇਖਣ ਨੂੰ ਮਿਲੇਗਾ।
ਭਾਰਤ ਨੂੰ ਗਰੁੱਪ-ਏ 'ਚ ਆਸਟ੍ਰੇਲੀਆ, ਪਾਕਿਸਤਾਨ, ਸਹਿ-ਮੇਜ਼ਬਾਨ ਜ਼ਿੰਬਾਬਵੇ, ਅਫਗਾਨਿਸਤਾਨ ਅਤੇ ਇੱਕ ਕੁਆਲੀਫਾਇਰ ਟੀਮ ਦੇ ਨਾਲ ਰੱਖਿਆ ਗਿਆ ਹੈ। ਟੀਮ ਇੰਡੀਆ ਦੇ ਗਰੁੱਪ ਪੜਾਅ ਦੇ ਮੈਚ ਇਸ ਪ੍ਰਕਾਰ ਹਨ:
7 ਅਕਤੂਬਰ: ਭਾਰਤ ਬਨਾਮ ਆਸਟ੍ਰੇਲੀਆ (ਕੇਪ ਟਾਊਨ)
10 ਅਕਤੂਬਰ: ਭਾਰਤ ਬਨਾਮ ਪਾਕਿਸਤਾਨ (ਜੋਹਾਨਸਬਰਗ)
14 ਅਕਤੂਬਰ: ਭਾਰਤ ਬਨਾਮ ਅਫਗਾਨਿਸਤਾਨ (ਸੈਂਚੁਰੀਅਨ)
17 ਅਕਤੂਬਰ: ਭਾਰਤ ਬਨਾਮ ਕੁਆਲੀਫਾਇਰ ਏ (ਬਲੋਮਫੋਂਟੇਨ)
24 ਅਕਤੂਬਰ: ਭਾਰਤ ਬਨਾਮ ਜ਼ਿੰਬਾਬਵੇ (ਵਿਕਟੋਰੀਆ ਫਾਲਸ)
ਗਰੁੱਪ ਪੜਾਅ ਖ਼ਤਮ ਹੋਣ ਤੋਂ ਬਾਅਦ, 25 ਅਕਤੂਬਰ ਤੋਂ 'ਸੁਪਰ 7' ਦੌਰ ਦੀ ਸ਼ੁਰੂਆਤ ਹੋਵੇਗੀ। ਦੋਵਾਂ ਗਰੁੱਪਾਂ ਦੀਆਂ ਚੋਟੀ ਦੀਆਂ 3-3 ਟੀਮਾਂ ਤੋਂ ਇਲਾਵਾ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਚੌਥੀ ਟੀਮ ਅਗਲੇ ਦੌਰ 'ਚ ਪ੍ਰਵੇਸ਼ ਕਰੇਗੀ।
ਆਈਸੀਸੀ ਵੱਲੋਂ ਭਾਰਤ ਨੂੰ A1, ਆਸਟ੍ਰੇਲੀਆ ਨੂੰ A2 ਅਤੇ ਪਾਕਿਸਤਾਨ ਨੂੰ A3 ਰੈਂਕ ਦਿੱਤਾ ਗਿਆ ਹੈ। ਦੂਜੇ ਪਾਸੇ, ਨਿਊਜ਼ੀਲੈਂਡ (B1), ਦੱਖਣੀ ਅਫਰੀਕਾ (B2), ਸ਼੍ਰੀਲੰਕਾ (B3) ਅਤੇ ਇੰਗਲੈਂਡ (B4) ਸੀਡਿਡ ਹਨ।
ਸੁਪਰ-7 'ਚ ਭਾਰਤ-ਪਾਕਿ ਭਿੜੰਤ: ਜੇਕਰ ਭਾਰਤ ਅਤੇ ਪਾਕਿਸਤਾਨ ਅਗਲੇ ਦੌਰ ਲਈ ਕੁਆਲੀਫਾਈ ਕਰਦੇ ਹਨ, ਤਾਂ 7 ਨਵੰਬਰ ਨੂੰ ਕੇਪ ਟਾਊਨ 'ਚ ਦੋਵਾਂ ਦਾ ਮੁੜ ਸਾਹਮਣਾ ਹੋਵੇਗਾ। ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਭਾਰਤ ਦਾ ਸਾਹਮਣਾ ਵਿਕਟੋਰੀਆ ਫਾਲਸ 'ਚ ਆਸਟ੍ਰੇਲੀਆ ਨਾਲ ਹੋ ਸਕਦਾ ਹੈ।
ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ 17 ਨਵੰਬਰ ਨੂੰ ਕੇਪ ਟਾਊਨ ਅਤੇ ਦੂਜਾ ਸੈਮੀਫਾਈਨਲ 18 ਨਵੰਬਰ ਨੂੰ ਸੈਂਚੁਰੀਅਨ ਵਿਖੇ ਖੇਡਿਆ ਜਾਵੇਗਾ। 2027 ਵਿਸ਼ਵ ਕੱਪ ਦਾ ਫਾਈਨਲ ਮਹਾਂ-ਮੁਕਾਬਲਾ 21 ਨਵੰਬਰ ਨੂੰ ਜੋਹਾਨਸਬਰਗ ਦੇ ਵਾਂਡਰਰਜ਼ ਸਟੇਡੀਅਮ 'ਚ ਆਯੋਜਿਤ ਹੋਵੇਗਾ।
Get all latest content delivered to your email a few times a month.