ਤਾਜਾ ਖਬਰਾਂ
ਪੰਜਾਬ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ ਮਾਨਸੂਨ ਦੀ ਵਾਪਸੀ ਦੀ ਰੇਖਾ ਗੁਰਦਾਸਪੁਰ ਤੇ ਚੰਡੀਗੜ੍ਹ ਵਿੱਚੋਂ ਲੰਘਣ ਨਾਲ ਮੌਸਮ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਉੱਤਰ-ਪੱਛਮੀ ਹਵਾਵਾਂ ਦੇ ਚੱਲਦਿਆਂ ਹਵਾ 'ਚੋਂ ਨਮੀ ਘਟ ਗਈ ਹੈ, ਜਿਸ ਕਾਰਨ ਸੂਬੇ ਭਰ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਬਣਿਆ ਹੋਇਆ ਹੈ। ਮੌਸਮ ਵਿਭਾਗ (IMD) ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਖਾਸ ਸੰਭਾਵਨਾ ਨਹੀਂ ਹੈ।
ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.4 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਲੰਘੇ ਦਿਨੀਂ 35.1 ਡਿਗਰੀ ਤਾਪਮਾਨ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਇਲਾਕਾ ਰਿਹਾ। ਵਿਭਾਗ ਮੁਤਾਬਕ ਸਾਫ਼ ਅਸਮਾਨ ਕਾਰਨ ਅਗਲੇ ਦੋ ਦਿਨਾਂ ਤੱਕ ਦਿਨ ਦਾ ਤਾਪਮਾਨ 34 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ, ਜਿਸ ਨਾਲ ਦੁਪਹਿਰ ਵੇਲੇ ਹਲਕੀ ਗਰਮੀ ਰਹੇਗੀ, ਜਦਕਿ ਸਵੇਰੇ ਅਤੇ ਰਾਤ ਦੇ ਸਮੇਂ ਗੁਲਾਬੀ ਠੰਢ ਦਾ ਅਹਿਸਾਸ ਸ਼ੁਰੂ ਹੋ ਜਾਵੇਗਾ। 7 ਅਕਤੂਬਰ ਤੱਕ ਮੌਸਮ ਲਈ ਕੋਈ ਵਿਸ਼ੇਸ਼ ਚੇਤਾਵਨੀ (ਅਲਰਟ) ਜਾਰੀ ਨਹੀਂ ਕੀਤੀ ਗਈ ਹੈ।
ਮੌਸਮ ਵਿੱਚ ਆਈ ਇਸ ਤਬਦੀਲੀ ਦਾ ਅਸਰ ਬਿਜਲੀ ਦੀ ਖਪਤ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਬਿਜਲੀ ਦੀ ਕੁੱਲ ਮੰਗ 10,064 ਮੈਗਾਵਾਟ ਰਿਕਾਰਡ ਕੀਤੀ ਗਈ, ਜਿਸ ਵਿੱਚੋਂ 5,416 ਮੈਗਾਵਾਟ ਉਤਪਾਦਨ ਸੂਬੇ ਦੇ ਆਪਣੇ ਸਰੋਤਾਂ ਤੋਂ ਹੋਇਆ ਅਤੇ ਬਾਕੀ ਕੇਂਦਰੀ ਪੂਲ ਤੋਂ ਲਿਆ ਗਿਆ। ਤਾਪਮਾਨ ਆਮ ਦੇ ਨੇੜੇ ਰਹਿਣ ਕਾਰਨ ਬਿਜਲੀ ਦੀ ਮੰਗ ਹੁਣ 10,000 ਮੈਗਾਵਾਟ ਦੇ ਆਸ-ਪਾਸ ਹੀ ਸਥਿਰ ਬਣੀ ਹੋਈ ਹੈ।
Get all latest content delivered to your email a few times a month.