ਤਾਜਾ ਖਬਰਾਂ
ਲੁਧਿਆਣਾ ਦੇ ਥਾਣਾ ਸਾਹਨੇਵਾਲ ਅਧੀਨ ਆਉਂਦੇ ਇਲਾਕੇ 'ਚ ਪੁਰਾਣੀ ਖ਼ਾਰ ਦੇ ਚੱਲਦਿਆਂ ਇੱਕ 35 ਸਾਲਾ ਨੌਜਵਾਨ ਦੀ ਕਿਰਚ ਨਾਲ ਗੋਦ ਕੇ ਬੇਰਹਿਮਾਨਾ ਢੰਗ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਦਿਨੇਸ਼ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ 'ਚ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸ ਦੇ ਦੋ ਹੋਰ ਸਾਥੀਆਂ ਦੀ ਭਾਲ 'ਚ ਛਾਪੇਮਾਰੀ ਜਾਰੀ ਹੈ।
ਮ੍ਰਿਤਕ ਦੇ ਭਰਾ ਦੀਪਕ ਕੁਮਾਰ (ਵਾਸੀ ਅਨੰਤ ਵਿਹਾਰ ਕਾਲੋਨੀ, ਰਾਮਗੜ੍ਹ ਰੋਡ) ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, 1 ਅਕਤੂਬਰ ਦੀ ਰਾਤ ਘਰ ਵਿੱਚ ਰਸੋਈ ਗੈਸ ਖ਼ਤਮ ਹੋਣ ਕਾਰਨ ਦਿਨੇਸ਼ ਬਾਜ਼ਾਰੋਂ ਰੋਟੀ ਲੈਣ ਗਿਆ ਸੀ। ਜਦੋਂ ਉਹ ਪੁਰਾਣਾ ਬਾਜ਼ਾਰ ਦੇ ਐਕਸਿਸ ਬੈਂਕ ਏਟੀਐੱਮ ਕੋਲ ਪੁੱਜਾ ਤਾਂ ਪਹਿਲਾਂ ਤੋਂ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਪੁਰਾਣੀ ਰੰਜਿਸ਼ ਤਹਿਤ ਮੁਲਜ਼ਮਾਂ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਅੰਧਾਧੁੰਦ ਵਾਰ ਕਰ ਦਿੱਤੇ। ਹਮਲਾ ਇੰਨਾ ਭਿਆਨਕ ਸੀ ਕਿ ਕਿਰਚ ਲੱਗਣ ਕਾਰਨ ਨੌਜਵਾਨ ਦੇ ਪੇਟ ਦੀਆਂ ਆਂਦਰਾਂ ਬਾਹਰ ਆ ਗਈਆਂ ਅਤੇ ਸਿਰ 'ਤੇ ਵੀ ਗੰਭੀਰ ਜ਼ਖ਼ਮ ਹੋ ਗਏ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਖ਼ੂਨ ਨਾਲ ਲੱਥਪੱਥ ਦਿਨੇਸ਼ ਨੂੰ ਤੁਰੰਤ ਸਾਹਨੇਵਾਲ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੱਲੇਦਾਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ ਅਤੇ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੇਟਾ ਤੇ ਬੇਟੀ ਛੱਡ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਸੰਜੀਤ ਕੁਮਾਰ (ਵਾਸੀ ਬਲਾਲਾ ਕਾਲੋਨੀ, ਜੁਗਿਆਣਾ) ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਦੋ ਫ਼ਰਾਰ ਮੁਲਜ਼ਮਾਂ ਉਮੇਸ਼ ਕੁਮਾਰ ਅਤੇ ਗੋਲੂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸਬੰਧਤ ਧਾਰਾਵਾਂ ਹੇਠ ਕਤਲ ਦਾ ਕੇਸ ਦਰਜ ਕਰ ਲਿਆ ਹੈ।
Get all latest content delivered to your email a few times a month.