ਤਾਜਾ ਖਬਰਾਂ
ਕਾਂਗਰਸ ਹਾਈਕਮਾਨ ਵਲੋਂ ਜਲੰਧਰ ਕੈਂਟ ਤੋਂ ਲਗਾਤਾਰ ਵਿਧਾਇਕ ਚੁਣੇ ਜਾ ਰਹੇ ਸਾਬਕਾ ਭਾਰਤੀ ਹਾਕੀ ਕਪਤਾਨ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਬੀਤੀ ਰਾਤ ਪਾਰਟੀ ਵਲੋਂ ਇਸ ਸਬੰਧੀ ਅਧਿਕਾਰਕ ਐਲਾਨ ਹੁੰਦੇ ਹੀ ਉਨ੍ਹਾਂ ਦੇ ਜਲੰਧਰ ਸਥਿਤ ਗ੍ਰਹਿ ਵਿਖੇ ਜਸ਼ਨ ਦਾ ਮਾਹੌਲ ਬਣ ਗਿਆ ਅਤੇ ਵਰਕਰਾਂ ਵਲੋਂ ਆਪਸ ਵਿੱਚ ਮਿਠਾਈਆਂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਨਵੀਂ ਜ਼ਿੰਮੇਵਾਰੀ ਮਿਲਣ ਮਗਰੋਂ ਪ੍ਰਗਟ ਸਿੰਘ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੂਬੇ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਜਨਤਾ ਦੀ ਆਵਾਜ਼ ਚੁੱਕਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨਗੇ।
ਇਸ ਦੌਰਾਨ ਉਨ੍ਹਾਂ ਦੀ ਪਤਨੀ ਬਰਿੰਦਰ ਕੌਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਆਪਣੇ ਪਰਿਵਾਰ ਲਈ ਦੋਹਰੀ ਖੁਸ਼ੀ ਦਾ ਮੌਕਾ ਦੱਸਿਆ। ਉਨ੍ਹਾਂ ਖੁਲਾਸਾ ਕੀਤਾ ਕਿ ਪਰਿਵਾਰ ਵਿੱਚ ਦੂਜੇ ਪੋਤੇ ਦੇ ਜਨਮ ਦੀਆਂ ਖੁਸ਼ੀਆਂ ਦਰਮਿਆਨ ਹੀ ਪ੍ਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਦੀ ਖ਼ਬਰ ਮਿਲੀ ਹੈ, ਜਦਕਿ ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਦੇ ਪਹਿਲੇ ਪੋਤੇ ਦਾ ਜਨਮ ਹੋਇਆ ਸੀ, ਉਸ ਸਮੇਂ ਉਹ ਵਿਧਾਇਕ ਚੁਣੇ ਗਏ ਸਨ।
ਬਰਿੰਦਰ ਕੌਰ ਅਨੁਸਾਰ ਰਾਤ ਸਮੇਂ ਸਮਰਥਕਾਂ ਅਤੇ ਪਾਰਟੀ ਵਰਕਰਾਂ ਦੇ ਵਧਾਈ ਵਾਲੇ ਫੋਨ ਆਉਣ ਮਗਰੋਂ ਉਨ੍ਹਾਂ ਪ੍ਰਗਟ ਸਿੰਘ ਨਾਲ ਫੋਨ 'ਤੇ ਗੱਲਬਾਤ ਕਰਕੇ ਪੁਸ਼ਟੀ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਉਮੀਦ ਜਤਾਈ ਕਿ ਇੱਕ ਸਾਬਕਾ ਖਿਡਾਰੀ ਹੋਣ ਦੇ ਨਾਤੇ ਪ੍ਰਗਟ ਸਿੰਘ ਸੂਬੇ ਦੇ ਰਾਜਸੀ ਹਲਾਤਾਂ ਅਤੇ ਚੁਣੌਤੀਆਂ ਦਾ ਸਾਹਮਣਾ ਮਜ਼ਬੂਤੀ ਨਾਲ ਕਰਦਿਆਂ ਪਾਰਟੀ ਨੂੰ ਨਵੀਂ ਸਿਖਰ 'ਤੇ ਲੈ ਕੇ ਜਾਣਗੇ।
Get all latest content delivered to your email a few times a month.