ਤਾਜਾ ਖਬਰਾਂ
ਜਲੰਧਰ: ਸ਼ਹਿਰ ਦੇ ਉਦੈ ਨਗਰ ਇਲਾਕੇ 'ਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਇੱਥੇ ਇੱਕ ਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਅਣਪਛਾਤੇ ਚੋਰਾਂ ਵੱਲੋਂ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਾਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਪਰਿਵਾਰ ਧਾਰਮਿਕ ਯਾਤਰਾ 'ਤੇ ਗਿਆ ਹੋਇਆ ਸੀ।
ਮਿਲੀ ਜਾਣਕਾਰੀ ਮੁਤਾਬਕ ਉਦੈ ਨਗਰ ਦੀ ਰਹਿਣ ਵਾਲੀ ਸੰਧਿਆ ਆਪਣੇ ਪਰਿਵਾਰ ਨਾਲ ਸਿਰਫ਼ ਇੱਕ ਦਿਨ ਲਈ ਵਰਿੰਦਾਵਨ ਦਰਸ਼ਨ ਕਰਨ ਗਈ ਸੀ। ਸ਼ੁੱਕਰਵਾਰ ਬਾਅਦ ਦੁਪਹਿਰ ਜਦੋਂ ਪਰਿਵਾਰ ਵਾਪਸ ਪਰਤਿਆ ਤਾਂ ਘਰ ਦੀ ਹਾਲਤ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਮੁੱਖ ਗੇਟ ਭਾਵੇਂ ਬਾਹਰੋਂ ਬੰਦ ਸੀ, ਪਰ ਅੰਦਰਲੇ ਕਮਰਿਆਂ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਚੋਰਾਂ ਨੇ ਪੂਰੇ ਘਰ 'ਚੋਂ ਕੱਪੜੇ ਬਾਹਰ ਸੁੱਟ ਦਿੱਤੇ ਸਨ ਅਤੇ ਗੱਦੇ ਤੱਕ ਚੁੱਕ ਕੇ ਬਾਰੀਕੀ ਨਾਲ ਫੋਲਾ-ਫਾਲੀ ਕੀਤੀ ਹੋਈ ਸੀ। ਇੱਥੋਂ ਤੱਕ ਕਿ ਡਰੈਸਿੰਗ ਟੇਬਲ ਦੇ ਦਰਾਜ਼ ਵੀ ਭੰਨੇ ਹੋਏ ਸਨ।
ਪੀੜਤ ਪਰਿਵਾਰ, ਜੋ ਘਰ 'ਚ ਹੀ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ, ਨੇ ਦੱਸਿਆ ਕਿ ਅਲਮਾਰੀ 'ਚ ਰੱਖੇ ਲਗਭਗ 1.5 ਲੱਖ ਰੁਪਏ ਨਕਦ ਗ਼ਾਇਬ ਸਨ। ਇਸ ਤੋਂ ਇਲਾਵਾ 2-3 ਸੋਨੇ ਦੇ ਸੈੱਟ, ਧੀਆਂ ਦੀਆਂ ਵਾਲੀਆਂ, ਮੁੰਦਰੀਆਂ, ਚੇਨ, ਕੜੇ ਅਤੇ ਚੂੜੀਆਂ ਸਮੇਤ ਕਰੀਬ 5 ਤੋਂ 6 ਤੋਲੇ ਸੋਨਾ ਚੋਰ ਸਾਫ਼ ਕਰ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਥਾਣੇ ਦੇ ਐੱਸ.ਐੱਚ.ਓ. ਸਮੇਤ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਇਲਾਕੇ 'ਚ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਚੋਰਾਂ ਦਾ ਸੁਰਾਗ ਲਗਾ ਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
Get all latest content delivered to your email a few times a month.