ਤਾਜਾ ਖਬਰਾਂ
ਪੰਜਾਬ ਕਾਂਗਰਸ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਦਿੱਲੀ ਵਿਖੇ 10 ਜਨਪਥ ਪਹੁੰਚ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਧਿਕਾਰਿਤ ਅਸਤੀਫ਼ਾ ਉਨ੍ਹਾਂ ਨੂੰ ਸੌਂਪਿਆ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਬਹੁਤ ਹੀ ਮਾਪੇ-ਤੋਲੇ ਸ਼ਬਦਾਂ ਵਿੱਚ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ, "ਮੈਂ ਆਪਣੀ ਮਰਜ਼ੀ ਨਾਲ ਅਸਤੀਫ਼ਾ ਦਿੱਤਾ ਹੈ, ਕਾਂਗਰਸ ਵਿੱਚ ਕਿਸੇ ਕੋਲੋਂ ਅਸਤੀਫ਼ੇ ਲਏ ਨਹੀਂ ਜਾਂਦੇ, ਸਗੋਂ ਧੰਨਵਾਦੀ ਪੱਤਰ ਜਾਰੀ ਕੀਤਾ ਜਾਂਦਾ ਹੈ।" ਹਾਲਾਂਕਿ, ਗੱਲਬਾਤ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਪ੍ਰਧਾਨਗੀ ਜਾਣ ਦਾ ਮਲਾਲ ਵੀ ਸਾਫ਼ ਝਲਕ ਰਿਹਾ ਸੀ।
ਵੜਿੰਗ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਮੁਸ਼ਕਲ ਸਮੇਂ ਵਿੱਚ ਵੀ ਉਨ੍ਹਾਂ 'ਤੇ ਭਰੋਸਾ ਜਤਾਈ ਰੱਖਿਆ। ਪ੍ਰਧਾਨਗੀ ਦੇ ਸਾਢੇ ਚਾਰ ਸਾਲਾਂ ਦੇ ਤਜਰਬੇ ਨੂੰ ਰਾਹੁਲ ਗਾਂਧੀ ਨਾਲ ਸਾਂਝਾ ਕਰਦਿਆਂ ਉਨ੍ਹਾਂ ਨੇ ਪੰਜਾਬ ਵਿੱਚ ਪਾਰਟੀ ਦੀਆਂ ਮਜ਼ਬੂਤੀਆਂ ਅਤੇ ਚੁਣੌਤੀਆਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਵੜਿੰਗ ਨੇ ਸਪੱਸ਼ਟ ਕੀਤਾ ਕਿ ਪਾਰਟੀ ਨੂੰ ਜਦੋਂ ਵੀ ਉਨ੍ਹਾਂ ਦੀ ਲੋੜ ਹੋਵੇਗੀ, ਉਹ ਹਮੇਸ਼ਾ ਅੱਗੇ ਖੜ੍ਹੇ ਮਿਲਣਗੇ।
ਰਾਹੁਲ ਗਾਂਧੀ ਨੂੰ ਮਿਲਣ ਤੋਂ ਬਾਅਦ ਰਾਜਾ ਵੜਿੰਗ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ 'ਏਐਨਆਈ' (ANI) ਨਾਲ ਗੱਲਬਾਤ ਕਰਦਿਆਂ ਪੰਜਾਬ ਇੰਚਾਰਜ ਸਚਿਨ ਪਾਇਲਟ ਬਾਰੇ ਉਨ੍ਹਾਂ ਕਿਹਾ, "ਪਾਇਲਟ ਸਾਹਿਬ ਨੂੰ ਲੱਗਿਆ ਹੋਵੇਗਾ ਕਿ ਰਾਜਾ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ।" ਉਨ੍ਹਾਂ ਦੱਸਿਆ ਕਿ ਬੀਤੇ ਮਹੀਨੇ 2 ਤਰੀਕ ਨੂੰ ਅਹੁਦਾ ਸੰਭਾਲਣ ਤੋਂ ਬਾਅਦ ਪਾਇਲਟ ਨਾਲ ਉਨ੍ਹਾਂ ਦੀ ਸਿਰਫ਼ ਇੱਕ ਵਾਰ ਮੀਟਿੰਗ ਹੋਈ ਸੀ। ਹਾਲਾਂਕਿ, ਵੜਿੰਗ ਨੇ ਜੋੜਿਆ ਕਿ ਉਨ੍ਹਾਂ ਦਾ ਪਾਇਲਟ ਨਾਲ 20-22 ਸਾਲ ਪੁਰਾਣਾ ਰਿਸ਼ਤਾ ਹੈ ਅਤੇ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਹੈ।
ਆਪਣੀ ਅਗਲੀ ਰਣਨੀਤੀ 'ਤੇ ਬੋਲਦਿਆਂ ਵੜਿੰਗ ਨੇ ਕਿਹਾ, "ਸਿਖ਼ਰ 'ਤੇ ਪਹੁੰਚਣਾ ਇੱਕ ਪ੍ਰਾਪਤੀ ਹੈ, ਪਰ ਕੋਈ ਵੀ ਹਮੇਸ਼ਾ ਲਈ ਉੱਥੇ ਨਹੀਂ ਰਹਿ ਸਕਦਾ। ਹਰ ਕਿਸੇ ਨੇ ਇੱਕ ਦਿਨ ਲਾਂਭੇ ਹੋਣਾ ਹੀ ਹੁੰਦਾ ਹੈ।" ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਮਿਹਰਬਾਨੀ ਉਨ੍ਹਾਂ 'ਤੇ ਹਮੇਸ਼ਾ ਰਹੀ ਹੈ, ਇਸ ਲਈ ਉਹ ਕਿਸੇ ਹੋਰ ਦੀ ਪਰਵਾਹ ਨਹੀਂ ਕਰਦੇ। ਭਵਿੱਖ ਦੀ ਭੂਮਿਕਾ ਬਾਰੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਹ ਹੁਣ ਕੁਝ ਸਮਾਂ ਛੁੱਟੀ ਲੈਣਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਅਗਲਾ ਰੋਲ ਕੀ ਹੋਵੇਗਾ, ਇਹ ਪਾਰਟੀ ਹਾਈਕਮਾਨ ਹੀ ਤੈਅ ਕਰੇਗੀ।
ਦੂਜੇ ਪਾਸੇ, ਰਾਜਾ ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸੂਤਰਾਂ ਅਨੁਸਾਰ, ਰਾਹੁਲ ਗਾਂਧੀ, ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਪ੍ਰਿਯੰਕਾ ਗਾਂਧੀ ਅਤੇ ਕੇ.ਸੀ. ਵੇਣੂਗੋਪਾਲ ਸਮੇਤ ਸੀਨੀਅਰ ਲੀਡਰਸ਼ਿਪ ਅੱਗੇ ਪੰਜਾਬ ਦੀ ਰਿਪੋਰਟ ਰੱਖੀ ਗਈ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਖ਼ੁਦ ਵੜਿੰਗ ਨੂੰ ਫ਼ੋਨ ਕਰਕੇ ਅਸਤੀਫ਼ਾ ਦੇਣ ਲਈ ਕਿਹਾ।
ਨਵੇਂ ਪ੍ਰਧਾਨ ਦੀ ਦੌੜ ਵਿੱਚ ਇੱਕ ਨਿਰਪੱਖ ਚਿਹਰੇ ਵਜੋਂ ਵਿਜੈ ਇੰਦਰ ਸਿੰਗਲਾ ਦਾ ਨਾਂ ਸਭ ਤੋਂ ਅੱਗੇ ਚੱਲ ਰਹਾ ਹੈ। ਇਸ ਤੋਂ ਇਲਾਵਾ ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਸੁਖ ਸਰਕਾਰੀਆ ਅਤੇ ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਹੋਰ ਦਿਗੱਜ ਆਗੂਆਂ ਦੇ ਨਾਵਾਂ 'ਤੇ ਵੀ ਚਰਚਾ ਜਾਰੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਪਾਰਟੀ ਹਾਈਕਮਾਨ ਅੱਜ ਹੀ ਨਵੇਂ ਪ੍ਰਧਾਨ ਦੇ ਨਾਂ ਦਾ ਐਲਾਨ ਕਰ ਸਕਦੀ ਹੈ।
Get all latest content delivered to your email a few times a month.