ਤਾਜਾ ਖਬਰਾਂ
ਮਾਨਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ ਬਲਾਤਕਾਰ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਚਰਚਿਤ ਪਾਸਟਰ ਬਜਿੰਦਰ ਸਿੰਘ ਦੀ ਲੰਘੇ ਵੀਰਵਾਰ ਅਚਾਨਕ ਦੇਹ ਨਾਸਾਜ਼ ਹੋ ਗਈ। ਛਾਤੀ ਵਿੱਚ ਤੇਜ਼ ਪੀੜ ਦੀ ਸ਼ਿਕਾਇਤ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਮੁਸਤੈਦੀ ਵਿਖਾਉਂਦੇ ਹੋਏ ਉਨ੍ਹਾਂ ਨੂੰ ਕੜੀ ਸੁਰੱਖਿਆ ਹੇਠ ਮਾਨਸਾ ਦੇ ਸਰਕਾਰੀ (ਸਿਵਲ) ਹਸਪਤਾਲ ਪਹੁੰਚਾਇਆ।
ਮਾਨਸਾ ਦੇ ਸੀਨੀਅਰ ਮੈਡੀਕਲ ਅਫ਼ਸਰ (SMO) ਅਨੁਸਾਰ ਜੇਲ੍ਹ ਸੁਪਰਡੈਂਟ ਵੱਲੋਂ ਫ਼ੋਨ 'ਤੇ ਪਾਸਟਰ ਦੀ ਤਬੀਅਤ ਵਿਗੜਨ ਅਤੇ ਛਾਤੀ ਵਿੱਚ ਦਰਦ ਦੀ ਇਤਲਾਹ ਦਿੱਤੀ ਗਈ ਸੀ। ਇਸ ਤੋਂ ਤੁਰੰਤ ਬਾਅਦ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਇਲਾਜ ਅਤੇ ਮੈਡੀਕਲ ਟੈਸਟਾਂ ਲਈ ਹਸਪਤਾਲ ਲਿਆਂਦਾ ਗਿਆ।
ਡਾਕਟਰਾਂ ਦੀ ਵਿਸ਼ੇਸ਼ ਟੀਮ ਵੱਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਅਤੇ ਮੈਡੀਕਲ ਰਿਪੋਰਟਾਂ ਵਿੱਚ ਫਿਲਹਾਲ ਦਿਲ ਨਾਲ ਸਬੰਧਤ ਕਿਸੇ ਗੰਭੀਰ ਸਮੱਸਿਆ ਦੇ ਲੱਛਣ ਨਹੀਂ ਮਿਲੇ ਹਨ। ਹਾਲਾਂਕਿ, ਡਾਕਟਰੀ ਨਿਗਰਾਨੀ ਹੇਠ ਉਨ੍ਹਾਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸਾਲ 2018 ਦੇ ਇੱਕ ਜਿਸਮਾਨੀ ਸ਼ੋਸ਼ਣ/ਰੇਪ ਮਾਮਲੇ ਵਿੱਚ ਮੋਹਾਲੀ ਅਦਾਲਤ ਨੇ 28 ਮਾਰਚ 2025 ਨੂੰ ਪਾਸਟਰ ਬਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ 1 ਅਪ੍ਰੈਲ 2025 ਨੂੰ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਉਦੋਂ ਤੋਂ ਹੀ ਮਾਨਸਾ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਉੱਤੇ ਕਈ ਹੋਰ ਮੁਕੱਦਮੇ ਵੀ ਚੱਲ ਰਹੇ ਹਨ।
ਇਸ ਤੋਂ ਇਲਾਵਾ, ਹਾਲ ਹੀ ਵਿੱਚ ਮਾਨਸਾ ਜੇਲ੍ਹ ਅੰਦਰ ਪਾਸਟਰ ਨੂੰ ਗੈਰ-ਕਾਨੂੰਨੀ ਢੰਗ ਨਾਲ ਮੋਬਾਈਲ ਫ਼ੋਨ ਪਹੁੰਚਾਉਣ ਦਾ ਮਾਮਲਾ ਵੀ ਚਰਚਾ ਵਿੱਚ ਆਇਆ ਸੀ, ਜਿ9ਸ ਤੋਂ ਬਾਅਦ ਸਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਸੀ।
Get all latest content delivered to your email a few times a month.