ਤਾਜਾ ਖਬਰਾਂ
ਸਰਹੱਦੀ ਸ਼ਹਿਰ ਜਲਾਲਾਬਾਦ ਵਿੱਚ ਵੀਰਵਾਰ ਦੇਰ ਰਾਤ ਉਸ ਵੇਲੇ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਧੜਿਆਂ ਵਿਚਾਲੇ ਹੋਈ ਆਪਸੀ ਲੜਾਈ ਗੋਲੀਬਾਰੀ ਵਿੱਚ ਬਦਲ ਗਈ। ਹੱਦ ਤਾਂ ਉਦੋਂ ਹੋ ਗਈ ਜਦੋਂ ਆਪਣੀ ਜਾਨ ਬਚਾਉਣ ਲਈ ਡੀਐੱਸਪੀ (DSP) ਦਫ਼ਤਰ ਵਿੱਚ ਸ਼ਰਨ ਲੈਣ ਪੁੱਜੇ ਇੱਕ ਧੜੇ ਦੇ ਮੈਂਬਰਾਂ ਦਾ ਪਿੱਛਾ ਕਰਦਿਆਂ ਦੂਜੇ ਧੜੇ ਨੇ ਸਰਕਾਰੀ ਦਫ਼ਤਰ ਦੇ ਬਾਹਰ ਹੀ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਡੀਐੱਸਪੀ ਦਫ਼ਤਰ ਦੀ ਇਮਾਰਤ 'ਤੇ ਵੀ ਗੋਲੀਆਂ ਦੇ ਨਿਸ਼ਾਨ ਲੱਗੇ ਹਨ।
ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਰਾਤ ਦੋਵਾਂ ਧੜਿਆਂ ਦੇ ਮੁਲਜ਼ਮ ਮੋਟਰਸਾਈਕਲਾਂ 'ਤੇ ਇੱਕ-ਦੂਜੇ 'ਤੇ ਹਮਲਾ ਕਰਨ ਲਈ ਪਿੱਛਾ ਕਰ ਰਹੇ ਸਨ। ਆਪਣੀ ਜਾਨ ਖ਼ਤਰੇ 'ਚ ਦੇਖ ਕੇ ਇੱਕ ਧੜਾ ਭੱਜ ਕੇ ਡੀਐੱਸਪੀ ਦਫ਼ਤਰ ਅੰਦਰ ਵੜ ਗਿਆ, ਪਰ ਦੂਜੇ ਪੱਖ ਨੇ ਖੌਫ਼ ਮੁਕਤ ਹੋ ਕੇ ਬਾਹਰੋਂ ਹੀ ਅੰਧਾਧੁੰਦ ਫਾਇਰਿੰਗ ਕਰ ਦਿੱਤੀ।
ਫਾਜ਼ਿਲਕਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਮੌਕੇ ਤੋਂ ਦੋ ਦੋਸ਼ੀਆਂ ਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਨਾ ਸਿੰਘ ਅਤੇ ਪਰਮਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਜਲਾਲਾਬਾਦ ਅਤੇ ਨੇੜਲੇ ਇਲਾਕੇ ਦੇ ਰਹਿਣ ਵਾਲੇ ਹਨ।
ਜਲਾਲਾਬਾਦ ਸਿਟੀ ਥਾਣਾ ਦੇ ਐੱਸਐੱਚਓ ਮੋਹਿਤ ਧਵਨ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ ਇੱਕ ਨਾਜਾਇਜ਼ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਘਟਨਾ ਸਥਾਨ ਤੋਂ ਕਿੰਨੇ ਰਾਊਂਡ ਫਾਇਰ ਹੋਏ ਅਤੇ ਕੀ ਇਹ ਗੋਲੀਆਂ ਬਰਾਮਦ ਕੀਤੇ ਪਿਸਤੌਲ ਤੋਂ ਹੀ ਚੱਲੀਆਂ ਸਨ, ਇਸ ਦੀ ਬਾਰੀਕੀ ਨਾਲ ਜਾਂਚ ਲਈ ਫੋਰੈਂਸਿਕ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪੁਲਿਸ ਅਨੁਸਾਰ ਘਟਨਾ ਵਿੱਚ ਸ਼ਾਮਲ ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
Get all latest content delivered to your email a few times a month.