IMG-LOGO
ਹੋਮ ਪੰਜਾਬ: ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ: ਰਾਜਾ ਵੜਿੰਗ ਦਾ ਅਸਤੀਫ਼ਾ, ਸਿੰਗਲਾ...

ਪੰਜਾਬ ਕਾਂਗਰਸ 'ਚ ਵੱਡਾ ਫੇਰਬਦਲ: ਰਾਜਾ ਵੜਿੰਗ ਦਾ ਅਸਤੀਫ਼ਾ, ਸਿੰਗਲਾ ਨਵੇਂ ਪ੍ਰਧਾਨ ਦੀ ਰੇਸ 'ਚ ਅੱਗੇ

Admin User - Oct 02, 2026 10:41 AM
IMG

ਪੰਜਾਬ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਅੰਦਰੂਨੀ ਬਗਾਵਤ ਅਤੇ ਗੁੱਟਬਾਜ਼ੀ ਨੇ ਆਖਿਰਕਾਰ ਵੱਡਾ ਮੋੜ ਲੈ ਲਿਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਗੁੱਟ ਵੱਲੋਂ ਬਣਾਏ ਗਏ ਭਾਰੀ ਦਬਾਅ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਲੈ ਲਿਆ ਹੈ। ਰਾਜਾ ਵੜਿੰਗ ਨੇ ਬੁੱਧਵਾਰ ਦੇਰ ਰਾਤ ਆਪਣੇ ਪਦ ਤੋਂ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਘਟਨਾਕ੍ਰਮ ਤੋਂ ਬਾਅਦ ਵੀਰਵਾਰ ਨੂੰ ਉਹ ਤੁਰੰਤ ਦਿੱਲੀ ਪਹੁੰਚੇ ਅਤੇ ਅੱਜ ਸਵੇਰੇ 11 ਵਜੇ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਅਹਿਮ ਮੁਲਾਕਾਤ ਤੈਅ ਹੋਈ ਹੈ।


ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਹਾਲ ਹੀ ਵਿੱਚ ਸੂਬੇ ਦੇ ਸਿਆਸੀ ਹਾਲਾਤ 'ਤੇ ਇੱਕ ਵਿਸਥਾਰਤ ਰਿਪੋਰਟ ਤਿਆਰ ਕਰਕੇ ਹਾਈਕਮਾਨ ਨੂੰ ਸੌਂਪੀ ਸੀ। ਇਸ ਰਿਪੋਰਟ ਵਿੱਚ ਪਾਇਲਟ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ ਸੀ ਕਿ ਸੂਬਾ ਕਾਂਗਰਸ ਦਾ ਇੱਕ ਬਹੁਤ ਵੱਡਾ ਧੜਾ ਰਾਜਾ ਵੜਿੰਗ ਦੀ ਅਗਵਾਈ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੈ।


ਪਾਇਲਟ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਪ੍ਰਧਾਨ ਦੇ ਅਹੁਦੇ 'ਚ ਬਦਲਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਾਰਟੀ ਵਿੱਚੋਂ ਧੜੇਬੰਦੀ ਨੂੰ ਖ਼ਤਮ ਕਰਨਾ ਅਸੰਭਵ ਹੈ। ਉਨ੍ਹਾਂ ਨੇ ਸੂਬੇ ਵਿੱਚ ਕਿਸੇ ਅਜਿਹੇ ਨਿਰਪੱਖ ਨੇਤਾ ਨੂੰ ਕਮਾਨ ਸੌਂਪਣ ਦੀ ਸਿਫ਼ਾਰਸ਼ ਕੀਤੀ, ਜੋ ਸਾਰੇ ਗੁੱਟਾਂ ਨੂੰ ਨਾਲ ਲੈ ਕੇ ਚੱਲ ਸਕੇ।


ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਕੇ.ਸੀ. ਵੇਣੂਗੋਪਾਲ ਦੀ ਮੌਜੂਦਗੀ ਵਿੱਚ ਪਾਇਲਟ ਦੀ ਰਿਪੋਰਟ 'ਤੇ ਵਿਚਾਰ ਕੀਤਾ ਗਿਆ। ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਖ਼ੁਦ ਰਾਜਾ ਵੜਿੰਗ ਨਾਲ ਫੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਅਹੁਦਾ ਛੱਡਣ ਦੇ ਨਿਰਦੇਸ਼ ਦਿੱਤੇ।


ਨਵੇਂ ਸੂਬਾ ਪ੍ਰਧਾਨ ਵਜੋਂ ਨਿਰਪੱਖ ਅਕਸ ਵਾਲੇ ਆਗੂ ਵਿਜੈ ਇੰਦਰ ਸਿੰਗਲਾ ਦੇ ਨਾਮ 'ਤੇ ਹਾਈਕਮਾਨ ਵਿੱਚ ਲਗਭਗ ਸਹਿਮਤੀ ਬਣ ਚੁੱਕੀ ਹੈ। ਰਾਹੁਲ ਗਾਂਧੀ ਨੇ ਵੀ ਸਿੰਗਲਾ ਦੇ ਨਾਂ 'ਤੇ ਹਾਮੀ ਭਰੀ ਹੈ। ਹਾਲਾਂਕਿ, ਇਸ ਅਹੁਦੇ ਲਈ ਪਰਗਟ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਸਰਕਾਰੀਆ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਂ ਵੀ ਚਰਚਾ ਵਿੱਚ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਅੱਜ ਹੀ ਪੰਜਾਬ ਕਾਂਗਰਸ ਦੇ ਨਵੇਂ ਕਪਤਾਨ ਦਾ ਅਧਿਕਾਰਤ ਐਲਾਨ ਹੋ ਸਕਦਾ ਹੈ।


ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸਚਿਨ ਪਾਇਲਟ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਚੰਨੀ ਅਤੇ ਰੰਧਾਵਾ ਧੜੇ ਦੇ ਆਗੂ ਇਕੱਠੇ ਤਾਂ ਹੋਏ, ਪਰ ਉਨ੍ਹਾਂ ਵਿਚਕਾਰਲੀ ਤਲਖੀ ਸਾਫ਼ ਨਜ਼ਰ ਆਈ। ਪਾਇਲਟ ਨੇ ਦੋਵਾਂ ਧੜਿਆਂ ਦੇ ਹੱਥ ਜ਼ਰੂਰ ਮਿਲਵਾਏ, ਪਰ ਚੰਨੀ ਨੇ ਆਪਣੇ ਪੂਰੇ ਭਾਸ਼ਣ ਦੌਰਾਨ ਰਾਜਾ ਵੜਿੰਗ ਦਾ ਨਾਂ ਤੱਕ ਨਹੀਂ ਲਿਆ।


ਚੰਨੀ-ਰੰਧਾਵਾ ਧੜੇ ਨੇ ਪਾਇਲਟ ਸਾਹਮਣੇ ਆਪਣਾ ਦੁੱਖੜਾ ਰੋਂਦਿਆਂ ਕਿਹਾ ਕਿ ਬੂਥ ਕਮੇਟੀਆਂ ਦੀਆਂ ਬੈਠਕਾਂ ਦੌਰਾਨ ਵੜਿੰਗ ਦੇ ਸਮਰਥਕਾਂ ਵੱਲੋਂ ਉਨ੍ਹਾਂ ਨੂੰ 'ਪਾਰਟੀ ਵਿਰੋਧੀ' ਅਤੇ 'RSS ਦੇ ਏਜੰਟ' ਤੱਕ ਗਰਦਾਨਿਆ ਗਿਆ। ਵੜਿੰਗ ਵੱਲੋਂ ਵੀ ਲਗਾਤਾਰ ਬਿਆਨਬਾਜ਼ੀ ਕੀਤੀ ਜਾ ਰਹੀ ਸੀ, ਜਿਸ ਕਾਰਨ ਉਨ੍ਹਾਂ ਲਈ ਵੜਿੰਗ ਦੀ ਪ੍ਰਧਾਨਗੀ ਹੇਠ ਕੰਮ ਕਰਨਾ ਅਸੰਭਵ ਹੋ ਗਿਆ ਸੀ।


ਸੂਬੇ ਦੀਆਂ ਗਤੀਵਿਧੀਆਂ 'ਤੇ ਬਾਰੀਕੀ ਨਾਲ ਨਜ਼ਰ ਰੱਖਣ ਤੋਂ ਬਾਅਦ ਸਚਿਨ ਪਾਇਲਟ ਨੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਯੂਥ ਆਗੂਆਂ ਨੂੰ ਦਿੱਲੀ ਤਲਬ ਕੀਤਾ। ਉੱਥੇ ਉਨ੍ਹਾਂ ਦੇ ਵਿਚਾਰ ਜਾਣਨ ਤੋਂ ਬਾਅਦ ਪਾਇਲਟ ਨੇ ਆਗੂਆਂ ਤੋਂ ਇਹ ਵਚਨ ਲਿਆ ਕਿ ਹਰ ਕੋਈ ਹਾਈਕਮਾਨ ਦੇ ਆਖਰੀ ਫੈਸਲੇ ਨੂੰ ਸਿਰ-ਮੱਥੇ ਪ੍ਰਵਾਨ ਕਰੇਗਾ।


ਦੂਜੇ ਪਾਸੇ, ਚਰਚਾ ਇਹ ਵੀ ਹੈ ਕਿ ਉੱਤਰ ਪ੍ਰਦੇਸ਼ ਅਤੇ ਪੰਜਾਬ ਦੀਆਂ ਆਗਾਮੀ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਰਾਹੁਲ ਗਾਂਧੀ ਦੇਸ਼ ਭਰ ਵਿੱਚ ਰਾਮ ਮੰਦਰ ਦੇ ਚੰਦਾ ਚੋਰੀ ਮਾਮਲੇ 'ਤੇ ਇੱਕ ਵੱਡਾ ਅੰਦੋਲਨ ਸ਼ੁਰੂ ਕਰਨ ਦੀ ਤਿਆਰੀ 'ਚ ਹਨ, ਤਾਂ ਜੋ ਹਿੰਦੂ ਵੋਟ ਬੈਂਕ ਨੂੰ ਭਾਜਪਾ ਤੋਂ ਦੂਰ ਕੀਤਾ ਜਾ ਸਕੇ। ਇਸੇ ਰਣਨੀਤੀ ਦੇ ਤਹਿਤ ਪੰਜਾਬ ਵਿੱਚ ਹਿੰਦੂ ਚਿਹਰੇ ਦੇ ਤੌਰ 'ਤੇ ਵਿਜੈ ਇੰਦਰ ਸਿੰਗਲਾ ਦੀ ਦਾਅਵੇਦਾਰੀ ਸਭ ਤੋਂ ਮਜ਼ਬੂਤ ਮੰਨੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.