ਤਾਜਾ ਖਬਰਾਂ
ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਦੌਰਾਨ ਇੱਕ ਵੱਡਾ ਹਾਦਸਾ ਵਾਪਰਨੋਂ ਬਚ ਗਿਆ। ਜਹਾਜ਼ ਦੇ ਸਹਿ-ਪਾਇਲਟ ਨੇ ਹੀ ਕਾਕਪਿਟ 'ਚ ਗੜਬੜੀ ਕਰਕੇ ਜਹਾਜ਼ ਨੂੰ ਹਾਈਜੈਕ ਕਰਨ ਅਤੇ ਕ੍ਰੈਸ਼ ਕਰਨ ਦੀ ਸਾਜ਼ਿਸ਼ ਰਚੀ ਸੀ। ਪਰ ਭਾਰਤੀ ਮੁੱਖ ਪਾਇਲਟ ਕੈਪਟਨ ਸਮਿਤ ਮਛਾਰ ਦੀ ਅਦੁੱਤੀ ਬਹਾਦੁਰੀ ਅਤੇ ਸਮੇਂ ਸਿਰ ਲਈ ਗਈ ਸਮਝਦਾਰੀ ਨਾਲ 174 ਯਾਤਰੀਆਂ ਦੀ ਜਾਨ ਸੁਰੱਖਿਅਤ ਬਚ ਗਈ ਹੈ।
ਮਿਲੀ ਜਾਣਕਾਰੀ ਮੁਤਾਬਕ ਉਡਾਣ ਦੌਰਾਨ ਸਹਿ-ਪਾਇਲਟ ਨੇ ਅਚਾਨਕ ਜਹਾਜ਼ ਦੇ ਸਿਸਟਮ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕੈਪਟਨ ਸਮਿਤ ਮਛਾਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੁਲਜ਼ਮ ਨੇ ਉਨ੍ਹਾਂ 'ਤੇ ਚਾਕੂ ਨਾਲ ਤਾਬੜਤੋੜ ਵਾਰ ਕਰ ਦਿੱਤੇ। ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਕੈਪਟਨ ਮਛਾਰ ਨੇ ਹਿੰਮਤ ਨਹੀਂ ਹਾਰੀ ਅਤੇ ਤੁਰੰਤ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ। ਦਰਵਾਜ਼ਾ ਖੁੱਲ੍ਹਦੇ ਹੀ ਜਹਾਜ਼ ਵਿੱਚ ਮੌਜੂਦ ਦੋ ਆਫ਼-ਡਿਊਟੀ ਇਜ਼ਰਾਈਲੀ ਪਾਇਲਟਾਂ ਅਤੇ ਯਾਤਰੀਆਂ ਨੇ ਕਾਕਪਿਟ ਵਿੱਚ ਦਾਖ਼ਲ ਹੋ ਕੇ ਹਮਲਾਵਰ ਨੂੰ ਕਾਬੂ ਕਰ ਲਿਆ, ਜਿਸ ਨਾਲ ਇੱਕ ਵੱਡੀ ਤ੍ਰਾਸਦੀ ਟਲ ਗਈ।
ਇਸ ਜਾਨਲੇਵਾ ਹਮਲੇ ਵਿੱਚ ਕੈਪਟਨ ਸਮਿਤ ਮਛਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਸਾਊਦੀ ਅਰਬ ਦੇ ਤਾਬੁਕ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਪਟਨ ਸਮਿਤ ਮਛਾਰ ਦੀ ਦਲੇਰੀ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਸਾਂਝਾ ਕਰਦਿਆਂ ਪੀਐੱਮ ਮੋਦੀ ਨੇ ਕਿਹਾ, "ਕੈਪਟਨ ਸਮਿਤ ਮਛਾਰ ਇੱਕ ਅਸਲ ਹੀਰੋ ਹਨ। ਆਪਣੀ ਜਾਨ ਖ਼ਤਰੇ ਵਿੱਚ ਹੋਣ ਅਤੇ ਗੰਭੀਰ ਜ਼ਖ਼ਮੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਜੋ ਬਹਾਦੁਰੀ ਦਿਖਾਈ, ਉਸ ਨਾਲ ਸੈਂਕੜੇ ਯਾਤਰੀਆਂ ਦੀ ਜਾਨ ਬਚੀ ਹੈ। ਪੂਰੇ ਭਾਰਤ ਨੂੰ ਆਪਣੇ ਇਸ ਜਾਬਾਜ਼ ਪਾਇਲਟ 'ਤੇ ਮਾਣ ਹੈ।" ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ।
Get all latest content delivered to your email a few times a month.