IMG-LOGO
ਹੋਮ ਪੰਜਾਬ: ਪਿਆਰ 'ਚ ਧੋਖਾ: ਪ੍ਰੇਮਿਕਾ ਨੇ ਸੁਪਾਰੀ ਦੇ ਕੇ ਕਰਵਾਇਆ ਪ੍ਰੇਮੀ...

ਪਿਆਰ 'ਚ ਧੋਖਾ: ਪ੍ਰੇਮਿਕਾ ਨੇ ਸੁਪਾਰੀ ਦੇ ਕੇ ਕਰਵਾਇਆ ਪ੍ਰੇਮੀ ਦਾ ਕਤਲ

Admin User - Sep 30, 2026 12:47 PM
IMG

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੂਸਾਂ ਵਿਖੇ ਬੀਤੀ 18 ਸਤੰਬਰ ਨੂੰ ਸੜਕ ਕਿਨਾਰੇ ਗੰਭੀਰ ਜ਼ਖ਼ਮੀ ਹਾਲਤ 'ਚ ਮਿਲੇ 19 ਸਾਲਾ ਨੌਜਵਾਨ ਤਜਿੰਦਰ ਸਿੰਘ ਦੀ ਮੌਤ ਦਾ ਮਾਮਲਾ ਹੁਣ ਇੱਕ ਗੰਭੀਰ ਅਪਰਾਧਿਕ ਸਾਜ਼ਿਸ਼ ਵਿੱਚ ਬਦਲ ਗਿਆ ਹੈ। ਹਸਪਤਾਲ 'ਚ ਇਲਾਜ ਦੌਰਾਨ ਦੋ ਦਿਨ ਬਾਅਦ ਦਮ ਤੋੜਨ ਵਾਲੇ ਤਜਿੰਦਰ ਦੀ ਮੌਤ ਨੂੰ ਪਹਿਲਾਂ ਪੁਲਿਸ ਵੱਲੋਂ ਸੜਕ ਹਾਦਸਾ ਮੰਨਿਆ ਜਾ ਰਿਹਾ ਸੀ, ਪਰ ਇੱਕ ਵਾਇਰਲ ਆਡੀਓ ਅਤੇ ਜਾਂਚ ਦੇ ਨਵੇਂ ਤੱਥਾਂ ਨੇ ਇਸ ਪੂਰੇ ਘਟਨਾਕ੍ਰਮ ਦੀ ਹਕੀਕਤ ਬਦਲ ਕੇ ਰੱਖ ਦਿੱਤੀ ਹੈ।


ਪੁਲਿਸ ਅਤੇ ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਤਜਿੰਦਰ ਸਿੰਘ ਦੇ 18 ਸਾਲਾ ਲੜਕੀ ਸੁਖਮਨ ਕੌਰ ਨਾਲ ਪ੍ਰੇਮ ਸਬੰਧ ਸਨ। ਲੜਕੀ ਇਸ ਰਿਸ਼ਤੇ ਨੂੰ ਖ਼ਤਮ ਕਰਨਾ ਚਾਹੁੰਦੀ ਸੀ, ਜਿਸ ਨੂੰ ਲੈ ਕੇ ਦੋਵਾਂ ਵਿਚਾਲੇ ਕਾਫ਼ੀ ਖਿੱਚੋਤਾਣ ਚੱਲ ਰਹੀ ਸੀ। ਪਰਿਵਾਰ ਅਨੁਸਾਰ ਘਟਨਾ ਤੋਂ ਦੋ ਦਿਨ ਪਹਿਲਾਂ ਇੱਕ ਹੋਟਲ ਵਿੱਚ ਦੋਵਾਂ ਦਾ ਝਗੜਾ ਹੋਇਆ ਸੀ, ਜਿੱਥੇ ਫ਼ੋਨ ਵੀ ਤੋੜਿਆ ਗਿਆ। ਇਸ ਤੋਂ ਬਾਅਦ ਚੱਕ ਸ਼ਰੀਫ਼ ਬਾਜ਼ਾਰ 'ਚ ਇੱਕ-ਦੂਜੇ ਦੇ ਗਿਫ਼ਟ ਵਾਪਸ ਕਰਨ ਵੇਲੇ ਵੀ ਕਾਫ਼ੀ ਬਹਿਸਬਾਜ਼ੀ ਹੋਈ ਸੀ।


ਮ੍ਰਿਤਕ ਦੀ ਮਾਤਾ ਨਰਿੰਦਰ ਕੌਰ ਨੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਘਟਨਾ ਤੋਂ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਹੀਂ ਤਜਿੰਦਰ ਨੂੰ ਖ਼ੌਫ਼ਨਾਕ ਅੰਜਾਮ ਭੁਗਤਣ ਦੀ ਧਮਕੀ ਦਿੱਤੀ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਪ੍ਰੇਮਿਕਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਇਸ ਹਮਲੇ ਦੀ ਪੂਰੀ ਸਾਜ਼ਿਸ਼ ਰਚੀ ਹੈ।

ਪੁਲਿਸ ਕਾਰਵਾਈ ਅਤੇ ਰਿਮਾਂਡ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ.ਪੀ. ਮਨੋਜ ਕੁਮਾਰ ਨੇ ਦੱਸਿਆ ਕਿ:

ਮੁੱਖ ਅਰੋਪੀ ਪ੍ਰੇਮਿਕਾ ਸੁਖਮਨ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਅਦਾਲਤ ਵਿੱਚ ਪੇਸ਼ ਕਰਕੇ ਲੜਕੀ ਦਾ 3 ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਵਾਇਰਲ ਆਡੀਓ ਅਤੇ ਹੋਰ ਤੱਥਾਂ ਦੇ ਆਧਾਰ 'ਤੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।


ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ:

ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਜਾਵੇ।

ਸੋਸ਼ਲ ਮੀਡੀਆ ਰਿਕਾਰਡ, ਧਮਕੀਆਂ ਵਾਲੇ ਸੁਨੇਹਿਆਂ ਅਤੇ ਕਾਲ ਡਿਟੇਲਜ਼ ਦੀ ਡੂੰਘਾਈ ਨਾਲ ਜਾਂਚ ਹੋਵੇ।

ਸਾਜ਼ਿਸ਼ ਵਿੱਚ ਸ਼ਾਮਲ ਲੜਕੀ ਦੇ ਬਾਕੀ ਸਾਥੀਆਂ ਨੂੰ ਵੀ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.