IMG-LOGO
ਹੋਮ ਰਾਸ਼ਟਰੀ: ਬਡਗਾਮ ’ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਲਸ਼ਕਰ-ਏ-ਤੋਇਬਾ ਦਾ ਮੁੱਖ...

ਬਡਗਾਮ ’ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ, ਲਸ਼ਕਰ-ਏ-ਤੋਇਬਾ ਦਾ ਮੁੱਖ ਕਮਾਂਡਰ ‘ਫੌਜੀ ਮੂਸਾ’ ਢੇਰ

Admin User - Sep 30, 2026 11:54 AM
IMG

ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਮੰਗਲਵਾਰ ਦੇਰ ਸ਼ਾਮ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਇੱਕ ਭਿਆਨਕ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦਾ ਚੋਟੀ ਦਾ ਕਮਾਂਡਰ ਮਾਰਿਆ ਗਿਆ। ਅਧਿਕਾਰੀਆਂ ਨੇ ਮਾਰੇ ਗਏ ਅੱਤਵਾਦੀ ਦੀ ਪਛਾਣ 'ਫੌਜੀ ਮੂਸਾ' ਵਜੋਂ ਕੀਤੀ ਹੈ, ਜੋ ਖੇਤਰ ਵਿੱਚ ਲਸ਼ਕਰ ਦੇ ਮੁੱਖ ਅਪ੍ਰੇਸ਼ਨਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਸੀ।


ਭਾਰਤੀ ਫੌਜ ਦੀ ਚਿਨਾਰ ਕੋਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਇਹ ਕਾਰਵਾਈ ਯੂਸਮਾਰਗ ਨੇੜਲੇ ਇਲਾਕੇ ਕੋਰਾਗ ਵਿੱਚ ਚਲਾਈ ਗਈ ਸੀ, ਜਿਸ ਨੂੰ 'ਆਪ੍ਰੇਸ਼ਨ ਕੋਰਾਗ' ਦਾ ਨਾਂ ਦਿੱਤਾ ਗਿਆ। ਇਸ ਸਾਂਝੀ ਤਲਾਸ਼ੀ ਮੁਹਿੰਮ ਵਿੱਚ ਭਾਰਤੀ ਫੌਜ, ਜੰਮੂ-ਕਸ਼ਮੀਰ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਦੀਆਂ ਟੀਮਾਂ ਸ਼ਾਮਲ ਸਨ।


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪੱਕੀ ਇਤਲਾਹ ਮਿਲਣ ਤੋਂ ਬਾਅਦ ਪੂਰੇ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਸੀ। ਜਿਉਂ ਹੀ ਸੁਰੱਖਿਆ ਬਲ ਸ਼ੱਕੀ ਠਿਕਾਣੇ ਵੱਲ ਵਧੇ, ਝਾੜੀਆਂ 'ਚ ਲੁਕੇ ਅੱਤਵਾਦੀਆਂ ਨੇ ਜਵਾਨਾਂ 'ਤੇ ਅੰਧਾਧੁੰਦ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਨਾਂ ਵੱਲੋਂ ਦਿੱਤੇ ਮੂੰਹ-ਤੋੜ ਜਵਾਬ ਨਾਲ ਭਿਆਨਕ ਮੁਕਾਬਲਾ ਛਿੜ ਗਿਆ, ਜਿਸ ਵਿੱਚ ਮੂਸਾ ਮਾਰਿਆ ਗਿਆ।


ਸੂਤਰਾਂ ਅਨੁਸਾਰ ਮੂਸਾ, ਲਸ਼ਕਰ ਦੇ ਇੱਕ ਹੋਰ ਖਤਰਨਾਕ ਅੱਤਵਾਦੀ 'ਯਾਸਿਰ' ਦਾ ਨਜ਼ਦੀਕੀ ਸਾਥੀ ਸੀ। ਜ਼ਿਕਰਯੋਗ ਹੈ ਕਿ ਯਾਸਿਰ ਨੂੰ ਇਸੇ ਮਹੀਨੇ 4 ਸਤੰਬਰ ਨੂੰ ਯੂਸਮਰਗ ਦੇ ਪਹਾੜੀ ਖੇਤਰ ਵਿੱਚ 13 ਦਿਨਾਂ ਤੱਕ ਚੱਲੇ ਇੱਕ ਲੰਬੇ ਆਪ੍ਰੇਸ਼ਨ ਤੋਂ ਬਾਅਦ ਢੇਰ ਕੀਤਾ ਗਿਆ ਸੀ।


ਸੁਰੱਖਿਆ ਰਿਕਾਰਡ ਮੁਤਾਬਕ ਯਾਸਿਰ ਇੱਕ 'ਹਾਈ-ਵੈਲਿਊ ਟਾਰਗੇਟ' ਸੀ, ਜੋ ਪੁੰਛ 'ਚ ਭਾਰਤੀ ਹਵਾਈ ਫੌਜ (IAF) ਦੇ ਕਾਫਲੇ 'ਤੇ ਹੋਏ ਹਮਲੇ ਤੋਂ ਇਲਾਵਾ ਸੋਨਮਾਰਗ, ਬੋਟਾ ਪਥਰੀ ਅਤੇ ਭੱਟਾ ਦੁਰੀਅਨ 'ਚ ਹੋਈਆਂ ਵੱਡੀਆਂ ਅੱਤਵਾਦੀ ਘਟਨਾਵਾਂ 'ਚ ਸ਼ਾਮਲ ਸੀ। ਯਾਸਿਰ ਦੇ ਮਾਰੇ ਜਾਣ ਤੋਂ ਬਾਅਦ ਤੋਂ ਹੀ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਸਨ ਅਤੇ ਪੀਰ ਪੰਜਾਲ ਦੇ ਸੰਘਣੇ ਜੰਗਲਾਂ ਵਿੱਚ ਉਸ ਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਸੀ।


ਇਲਾਕੇ 'ਚ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਸ਼ੰਕਾ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਅਭਿਆਨ ਅਜੇ ਵੀ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.