IMG-LOGO
ਹੋਮ ਪੰਜਾਬ: ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ....

ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 15 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਯਕੀਨੀ ਬਣਾਵੇ: ਗੁਰਮੀਤ ਸਿੰਘ ਖੁੱਡੀਆਂ

Admin User - Sep 29, 2026 08:26 PM
IMG

ਚੰਡੀਗੜ੍ਹ/ ਨਵੀਂ ਦਿੱਲੀ, 29 ਸਤੰਬਰ- ਪੰਜਾਬ ਦੇ ਖੇਤੀਬਾੜ੍ਹੀ ਅਤੇ  ਕਿਸਾਨ ਭਲਾਈ ਮੰਤਰੀ ਸ. ਗੁਰਮੀਤ  ਸਿੰਘ ਖੁੱਡੀਆਂ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਆਉਂਦੇ ਹਾੜ੍ਹੀ ਸੀਜਨ 2026-27  ਦੌਰਾਨ ਫਸਲਾਂ ਦੀ ਬਿਜਾਈ ਲਈ ਡੀ.ਏ.ਪੀ ਅਤੇ ਯੂਰੀਆ ਖਾਦਾਂ ਦੀ ਬਿਨਾਂ ਦੇਰੀ ਸਪਲਾਈ ਨੂੰ ਯਕੀਨੀ ਬਣਾਵੇ। 

ਅੱਜ ਇਥੋਂ ਦੇ ਕੌਮੀ ਖੇਤੀਬਾੜ੍ਹੀ ਵਿਗਿਆਨ ਕੰਪਲੈਕਸ ਵਿਖੇ ਕੇਂਦਰੀ ਖੇਤੀਬਾੜ੍ਹੀ ਮੰਤਰਾਲੇ ਵੱਲੋਂ ਆਯੋਜਿਤ ਹਾੜ੍ਹੀ ਸੀਜਨ 2026 ਬਾਰੇ ਕਰਵਾਈ ਗਈ ਕੌਮੀ ਖੇਤੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਖੁੱਡੀਆਂ ਨੇ ਕਿਹਾ ਕਿ ਹਾੜ੍ਹੀ ਸੀਜਨ ਦੀਆਂ ਫਸਲਾਂ ਖਾਸਕਰ ਕਣਕ ਅਤੇ ਆਲੂ ਦੀ ਬਿਜਾਈ ਲਈ 5.5 ਲੱਖ ਮੀਟਰਿਕ ਟਨ ਡੀ.ਏ.ਪੀ ਅਤੇ 15 ਲੱਖ ਮੀਟਰਿਕ ਟਨ ਯੂਰੀਆ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬੇ ਦੀ ਜ਼ਰੂਰਤ ਅਨੁਸਾਰ ਉਕਤ ਮਿਕਦਾਰ ਵਿਚ ਇਨ੍ਹਾਂ ਰਸਾਇਣਕ ਖਾਦਾਂ ਦੀ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਵੇ। 

ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਵਾਹੀਯੋਗ  ਰਕਬਾ 41 ਲੱਖ ਹੈਕਟੇਅਰ ਹੈ ਅਤੇ ਸੂਬੇ ਵੱਲੋਂ ਕੇਂਦਰੀ ਅੰਨ ਭੰਡਾਰ ਵਿਚ ਕਣਕ ਦਾ 40 ਫੀਸਦ ਅਤੇ ਝੋਨੇ ਦਾ 22 ਫੀਸਦ ਯੋਗਦਾਨ ਪਾਇਆ ਜਾਂਦਾ ਹੈ। ਖੇਤੀਬੜ੍ਹੀ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕਈ ਵਾਰ ਹਾੜ੍ਹੀ ਸੀਜਨ ਦੌਰਾਨ ਕੇਂਦਰ ਵੱਲੋਂ ਡੀ.ਏ.ਪੀ ਅਤੇ ਯੂਰੀਆ ਦੀ ਸਪਲਾਈ ਸਮੇਂ ਸਿਰ ਨਾਲ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਦਰਪੇਸ਼ ਆਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸੂਬੇ  ਨੂੰ ਇਹਨਾਂ ਖਾਦਾਂ ਦੀ ਬਿਨਾ ਦੇਰੀ ਸਪਲਾਈ ਯਕੀਨੀ ਬਣਾਵੇ ਤਾਂ ਜੋ ਪੰਜਾਬ ਕੇਂਦਰੀ ਅੰਨ ਭੰਡਾਰ ਵਿਚ  ਆਪਣੇ ਇਸ ਯੋਗਦਾਨ ਨੂੰ ਬਰਕਰਾਰ ਰੱਖ ਸਕੇ। 

ਪੰਜਾਬ ਦੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਪਹਿਲਾਂ ਨਰਮੇਂ  ਦੀ ਫਸਲ ਲਈ ਜਾਣਿਆ ਜਾਂਦਾ ਸੀ ਪਰ ਮੌਸਮ ਅਨੁਕੂਲ ਨਾ ਰਹਿਣ ਕਾਰਨ ਇਹ ਫਸਲ ਨੁਕਸਾਨੀ ਜਾਂਦੀ ਰਹੀ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਭਾਵੇਂ ਪੰਜਾਬ ਵਿਚ 80 ਹਜਾਰ ਹੈਕਟੇਅਰ ਰਕਬਾ ਨਰਮੇਂ ਦੀ ਫਸਲ ਹੇਠ ਹੁੰਦਾ ਹੈ ਪਰ ਜੇਕਰ ਮੌਸਮ ਅਨੁਕੂਲ ਰਿਹਾ ਤਾਂ ਪੈਦਾਵਾਰ ਵਧੀਆ ਰਹਿਣ ਦੀ ਪੂਰੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਰਮੇ ਦੇ  ਬੀਜ ਤੇ 33 ਫੀਸਦ ਸਬਸਿਡੀ ਮੁਹੱਈਆ  ਕਰਵਾਉਂਦੀ ਹੈ ਤੇ ਕਿਸਾਨਾਂ ਨੂੰ 4 ਕਰੋੜ ਦਾ ਲਾਭ  ਦਿੱਤਾ ਜਾ ਚੁੱਕਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਆਉਂਦੇ ਸਮੇਂ ਵਿਚ  ਤੇਲ ਬੀਜਾਂ ਅਤੇ ਦਾਲਾਂ ਵਿਚ ਆਪਣਾ ਯੋਗਦਾਨ ਵਧਾਉਣ ਲਈ ਸੁਹਿਰਦ ਯਤਨ ਕਰ ਰਿਹਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਫਸਲਾਂ ਪ੍ਰਤੀ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ 6 ਕਰੋੜ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। 

ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿਚ ਪਰਾਲੀ ਨੂੰ ਸਾੜਨ ਦੀ ਸਮੱਸਿਆ ਦਾ 90 ਫੀਸਦ ਨਿਪਟਾਰਾ ਪਰਾਲੀ ਪ੍ਰਬੰਧਨ ਦੀਆਂ ਵਿਧੀਆਂ ਜ਼ਰੀਏ ਕਰ ਲਿਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ 150 ਕਰੋੜ ਰੁਪਏ ਦੀ ਅਗਲੀ ਕਿਸ਼ਤ ਵੀ ਹੁਣੇ ਜਾਰੀ ਕਰੇ ਤਾਂ ਜੋ ਕਿਸਾਨਾਂ ਨੂੰ ਸਬਸਿਡੀ ਤੇ ਹੋਰ ਮਸ਼ੀਨਰੀ ਮੁਹੱਈਆ ਕਰਵਾਕੇ ਪਰਾਲੀ ਸਾੜਨ ਦੀ ਸਮੱਸਿਆ ਦਾ ਮੁਕੰਮਲ ਹੱਲ ਕੀਤਾ ਜਾ ਸਕੇ। 

ਸ. ਖੁੱਡੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ 2000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਤੇ 2.50 ਲੱਖ ਮੀਟਰਕ ਟਨ ਕਣਕ ਦਾ ਤਸਦੀਕਸ਼ੁੱਦਾ ਬੀਜ ਮੁਹੱਈਆ ਕਰਵਾਉਣ ਲਈ 50 ਕਰੋੜ ਰੁਪਏ ਜਾਰੀ ਕਰਨ ਅਤੇ ਕ੍ਰਿਸ਼ੋਨਤੀ ਯੋਜਨਾ ਤਹਿਤ ਸੂਬੇ ਲਈ ਦੂਜੀ ਕਿਸ਼ਤ ਦੇ ਕਰੀਬ 43 ਕਰੋੜ ਰੁਪਏ ਵੀ ਜਾਰੀ ਕੀਤੇ ਜਾਣ ਲਈ ਕੇਂਦਰੀ ਖੇਤੀਬਾੜ੍ਹੀ ਮੰਤਰੀ ਦਾ ਧੰਨਵਾਦ ਕੀਤਾ । ਇਸ ਦੋ ਰੋਜ਼ ਕੌਮੀ ਕਾਨਫਰੰਸ ਵਿਚ ਪੰਜਾਬ ਖੇਤੀਬਾੜ੍ਹੀ ਵਿਭਾਗ ਦੇ ਡਾਇਰੈਕਟਰ ਗੁਰਜੀਤ ਸਿੰਘ ਬਰਾੜ ਤੇ ਹੋਰ ਅਧਿਕਾਰੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.