ਤਾਜਾ ਖਬਰਾਂ
ਲੁਧਿਆਣਾ ਦੇ ਵਰਧਮਾਨ-ਗਲਾਡਾ ਮੈਦਾਨ ਵਿਖੇ ਚੱਲ ਰਹੀ ਸ੍ਰੀ ਹਨੁਮਾਨ ਕਥਾ ਦੇ ਚੌਥੇ ਦਿਨ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਦਿੱਤੇ ਗਏ ਕੁੱਝ ਬਿਆਨਾਂ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਮਾਨੀ ਲੁਧਿਆਣਵੀ ਨੇ ਧੀਰੇਂਦਰ ਸ਼ਾਸਤਰੀ ਦੀਆਂ ਟਿੱਪਣੀਆਂ 'ਤੇ ਸਖ਼ਤ ਵਿਰੋਧ ਜਤਾਉਂਦਿਆਂ ਉਨ੍ਹਾਂ ਤੋਂ ਤੁਰੰਤ ਮਾਫ਼ੀ ਦੀ ਮੰਗ ਕੀਤੀ ਹੈ ਅਤੇ ਅਜਿਹਾ ਨਾ ਕਰਨ 'ਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ ਹੈ।
ਸ਼ਾਹੀ ਇਮਾਮ ਨੇ ਪ੍ਰੈੱਸ ਸੰਦੇਸ਼ ਰਾਹੀਂ ਆਖਿਆ ਕਿ ਲੁਧਿਆਣਾ ਸ਼ਹਿਰ ਦਾ ਆਪਣਾ ਇੱਕ ਇਤਿਹਾਸਿਕ ਮਹੱਤਵ ਹੈ, ਜੋ ਆਪਸੀ ਸਾਂਝ, ਉਦਯੋਗ ਅਤੇ ਆਜ਼ਾਦੀ ਦੀ ਜੰਗ ਦਾ ਪ੍ਰਤੀਕ ਰਿਹਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਪ੍ਰਚਾਰਕਾਂ ਦਾ ਮੁੱਖ ਫ਼ਰਜ਼ ਭਾਈਚਾਰਾ ਅਤੇ ਪਿਆਰ ਵੰਡਣਾ ਹੁੰਦਾ ਹੈ, ਪਰ ਸਟੇਜ ਤੋਂ ਇਸਲਾਮ ਧਰਮ ਬਾਰੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਕੀਤੀਆਂ ਅਣਉਚਿਤ ਟਿੱਪਣੀਆਂ ਬਰਦਾਸ਼ਤਯੋਗ ਨਹੀਂ ਹਨ। ਉਨ੍ਹਾਂ ਪੰਜਾਬ ਦੀ ਭਾਈਚਾਰਕ ਸਾਂਝ ਦੀ ਮਿਸਾਲ ਦਿੰਦਿਆਂ ਗੁਰੂ ਨਾਨਕ ਦੇਵ ਜੀ, ਬਾਬਾ ਫ਼ਰੀਦ ਅਤੇ ਸਾਈਂ ਮੀਆਂ ਮੀਰ ਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪੰਜਾਬੀਆਂ ਦੀ ਸਮਝ 'ਤੇ ਸਵਾਲ ਚੁੱਕਣਾ ਜਾਂ ਚੀਨ ਨਾਲ ਵਪਾਰ ਕਰਨ ਵਾਲੇ ਸਥਾਨਕ ਕਾਰੋਬਾਰੀਆਂ ਬਾਰੇ ਅਜਿਹੀ ਸ਼ਬਦਾਵਲੀ ਵਰਤਣਾ ਪੂਰੀ ਤਰ੍ਹਾਂ ਗ਼ਲਤ ਹੈ।
ਦੂਜੇ ਪਾਸੇ, ਕਥਾ ਦੌਰਾਨ ਧੀਰੇਂਦਰ ਸ਼ਾਸਤਰੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਉਹ ਧਰਮ ਪਰਿਵਰਤਨ ਦੇ ਖ਼ਿਲਾਫ਼ ਅਤੇ ਆਪਣੇ ਸਵੈ-ਸਨਮਾਨ ਲਈ ਆਵਾਜ਼ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਸਨਾਤਨੀ ਧਰਮੀਆਂ ਨੂੰ ਆਪਣੇ ਇਸ਼ਟ 'ਤੇ ਭਰੋਸਾ ਰੱਖਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖ ਪਰੰਪਰਾ ਅਤੇ ਗੁਰਦੁਆਰਿਆਂ ਵਿੱਚ ਚੱਲਣ ਵਾਲੀ ਲੰਗਰ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੰਦਰਾਂ 'ਚ ਵੀ ਅਜਿਹੀ ਹੀ ਸੇਵਾ ਅਤੇ ਹਸਪਤਾਲ ਵਰਗੀਆਂ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਹਨ। ਫਿਲਹਾਲ, ਇਸ ਮਾਮਲੇ ਨੂੰ ਲੈ ਕੇ ਸ਼ਹਿਰ ਦਾ ਮਾਹੌਲ ਗਰਮਾਇਆ ਹੋਇਆ ਹੈ।
Get all latest content delivered to your email a few times a month.