ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਬੁਲੰਦੀਆਂ 'ਤੇ ਲੈ ਜਾਣ ਅਤੇ ਨੌਜਵਾਨਾਂ ਨੂੰ ਵਿਸ਼ਵ ਪੱਧਰ 'ਤੇ ਚੈਂਪੀਅਨ ਬਣਾਉਣ ਲਈ ਆਪਣਾ ਰੋਡਮੈਪ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਜੁਝਾਰੂ ਅਤੇ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ-ਨਾਲ ਸੂਰਬੀਰਾਂ ਦੀ ਧਰਤੀ ਰਿਹਾ ਹੈ। ਖੇਤੀਬਾੜੀ ਵਾਂਗ ਖੇਡਾਂ ਵਿੱਚ ਵੀ ਖੂਨ-ਪਸੀਨਾ ਵਹਾਉਣਾ ਹੀ ਪੰਜਾਬੀਆਂ ਦੀ ਅਸਲ ਪਛਾਣ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ ਬਣਨ 'ਤੇ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਸੀ, ਜਿਸ ਕਾਰਨ ਉਨ੍ਹਾਂ ਖੇਡ ਵਿਭਾਗ ਨੂੰ ਆਪਣੇ ਕੋਲ ਹੀ ਰੱਖਿਆ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ 2023 ਦੀਆਂ ਹਾਂਗਜ਼ੂ ਏਸ਼ੀਆਈ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ 20 ਤਗਮੇ (8 ਸੋਨੇ, 6 ਚਾਂਦੀ, 6 ਕਾਂਸੀ) ਜਿੱਤ ਕੇ 72 ਸਾਲਾਂ ਦਾ ਰਿਕਾਰਡ ਤੋੜਿਆ ਹੈ। ਹੁਣ ਸਰਕਾਰ ਦਾ ਉਦੇਸ਼ ਸਾਲ 2036 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਤਗਮਾ ਸੂਚੀ ਵਿੱਚ ਪੰਜਾਬ ਦਾ ਵੱਡਾ ਯੋਗਦਾਨ ਯਕੀਨੀ ਬਣਾਉਣਾ ਹੈ। ਉਨ੍ਹਾਂ ਦਾ ਸਪੱਸ਼ਟ ਟੀਚਾ 2036 ਓਲੰਪਿਕਸ ਵਿੱਚ ਪੰਜਾਬੀ ਖਿਡਾਰੀਆਂ ਵੱਲੋਂ ਦੇਸ਼ ਲਈ ਘੱਟੋ-ਘੱਟ 3 ਤੋਂ 4 ਸੋਨ ਤਗਮੇ ਜਿੱਤਣਾ ਹੈ।
ਜ਼ਮੀਨੀ ਪੱਧਰ 'ਤੇ ਖੇਡਾਂ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ 3,000 ਆਧੁਨਿਕ ਪੇਂਡੂ ਖੇਡ ਮੈਦਾਨ ਤਿਆਰ ਕਰਵਾ ਰਹੀ ਹੈ। ਇਹ ਮੈਦਾਨ ਲੇਜ਼ਰ-ਲੈਵਲਿੰਗ, ਫਲੱਡ ਲਾਈਟਾਂ, ਚਾਰਦੀਵਾਰੀ, ਜੌਗਿੰਗ ਟਰੈਕ ਅਤੇ ਇਨਡੋਰ ਜਿੰਮ ਵਰਗੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਮਿਆਰੀ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਮੁਹਿੰਮ ਪੰਜਾਬ ਦੇ ਹਰ ਪਿੰਡ ਨੂੰ ਕਵਰ ਕਰਨ ਤੱਕ ਜਾਰੀ ਰਹੇਗੀ।
ਮੁੱਖ ਮੰਤਰੀ ਨੇ ਦੱਸਿਆ ਕਿ 5 ਸਤੰਬਰ (ਅਧਿਆਪਕ ਦਿਵਸ) ਤੋਂ ਸ਼ੁਰੂ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ 38 ਖੇਡਾਂ ਵਿੱਚ ਪਿੰਡ ਅਤੇ ਸ਼ਹਿਰ ਪੱਧਰ 'ਤੇ ਪ੍ਰਤਿਭਾ ਨੂੰ ਨਿਖਾਰਿਆ ਜਾ ਰਿਹਾ ਹੈ। 75 ਦਿਨਾਂ ਦਾ ਇਹ ਸਮਾਗਮ ਸਿਰਫ਼ ਖੇਡਾਂ ਦਾ ਨਹੀਂ, ਸਗੋਂ ਪੰਜਾਬੀਅਤ ਦਾ ਉਤਸਵ ਹੈ। ਹਾਲ ਹੀ ਵਿੱਚ ਮੋਹਾਲੀ, ਪਟਿਆਲਾ ਅਤੇ ਬਠਿੰਡਾ (ਜਿੱਥੇ 20,000 ਤੋਂ ਵੱਧ ਦੌੜਾਕਾਂ ਨੇ ਹਿੱਸਾ ਲਿਆ) ਵਿਖੇ ਹੋਈਆਂ ਮੈਰਾਥਨ ਦੌੜਾਂ ਦੀ ਸਫ਼ਲਤਾ ਤੋਂ ਬਾਅਦ ਹੋਰ ਸ਼ਹਿਰਾਂ ਵਿੱਚ ਵੀ ਅਜਿਹੇ ਆਯੋਜਨ ਕੀਤੇ ਜਾਣਗੇ।
ਖੇਡਾਂ ਨੂੰ ਨਸ਼ਿਆਂ ਦੇ ਕੋਹੜ ਵਿਰੁੱਧ ਇੱਕ ਕਾਰਗਰ ਹਥਿਆਰ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੇਡ ਮੈਦਾਨ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਅਤੇ ਅਨੁਸ਼ਾਸਨ ਦਿੰਦੇ ਹਨ। ਉਨ੍ਹਾਂ ਨੇ ਮਾਪਿਆਂ, ਦਾਦਾ-ਦਾਦੀਆਂ, ਅਧਿਆਪਕਾਂ ਅਤੇ ਕੋਚਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਅੱਗੇ ਆਉਣ।
ਆਪਣੇ ਲੇਖ ਦੇ ਅਖੀਰ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ "ਪੰਜਾਬ ਦੇਸ਼ ਦਾ ਮਾਰਗਦਰਸ਼ਨ ਕਰੇਗਾ ਅਤੇ ਸਾਡਾ ਖੁਆਬ, ਰੰਗਲਾ ਪੰਜਾਬ ਬਣਾਉਣਾ ਹੈ।"
Get all latest content delivered to your email a few times a month.