ਤਾਜਾ ਖਬਰਾਂ
ਆਈਚੀ-ਨਾਗੋਆ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮੰਗਲਵਾਰ ਨੂੰ ਮਹਿਲਾ ਟ੍ਰੈਪ ਟੀਮ ਮੁਕਾਬਲੇ ਵਿੱਚ ਨੀਰੂ ਢਾਂਡਾ ਦੀ ਬਹਤਰੀਨ ਨਿਸ਼ਾਨੇਬਾਜ਼ੀ ਦੀ ਬਦੌਲਤ ਭਾਰਤ ਨੇ ਚਾਂਦੀ ਦਾ ਤਗਮਾ ਆਪਣੇ ਨਾਂ ਕੀਤਾ। ਨੀਰੂ, ਆਸ਼ਿਮਾ ਅਹਿਲਾਵਤ ਅਤੇ ਮਨੀਸ਼ਾ ਕੀਰ ਦੀ ਭਾਰਤੀ ਤਿੱਕੜੀ ਨੇ ਰੇਂਜ 'ਤੇ ਬਹਤਰੀਨ ਤਾਲਮੇਲ ਦਿਖਾਉਂਦੇ ਹੋਏ ਕੁੱਲ 328 ਅੰਕ ਬਣਾਏ। ਇਸ ਈਵੈਂਟ ਵਿੱਚ ਚੀਨ ਦੀ ਟੀਮ 346 ਅੰਕਾਂ ਦੇ ਮਜ਼ਬੂਤ ਸਕੋਰ ਨਾਲ ਪਹਿਲੇ ਸਥਾਨ 'ਤੇ ਰਹਿੰਦਿਆਂ ਸੋਨ ਤਗਮਾ ਜਿੱਤਣ ਵਿੱਚ ਸਫਲ ਰਹੀ, ਜਦੋਂ ਕਿ ਕੁਵੈਤ ਨੇ 325 ਅੰਕਾਂ ਨਾਲ ਕਾਂਸੀ ਦੇ ਤਗਮੇ 'ਤੇ ਕਬਜ਼ਾ ਕੀਤਾ।
ਇਸ ਜਿੱਤ ਵਿੱਚ ਨੀਰੂ ਢਾਂਡਾ ਨੇ ਅਹਿਮ ਭੂਮਿਕਾ ਨਿਭਾਈ। ਉਸਨੇ ਕੁਆਲੀਫਿਕੇਸ਼ਨ ਰਾਊਂਡ ਦੇ 125 ਵਿੱਚੋਂ 118 ਨਿਸ਼ਾਨੇ ਸਹੀ ਲਗਾ ਕੇ ਵਿਅਕਤੀਗਤ ਵਰਗ ਵਿੱਚ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ। ਨੀਰੂ ਨੇ ਪਹਿਲੇ ਤਿੰਨ ਰਾਊਂਡਾਂ ਵਿੱਚ 24-24 ਨਿਸ਼ਾਨੇ ਲਗਾਏ, ਜਦੋਂ ਕਿ ਅਗਲੇ ਦੋ ਰਾਊਂਡਾਂ ਵਿੱਚ 23-23 ਦਾ ਸਕੋਰ ਕੀਤਾ। ਕਤਰ ਦੀ ਰੇ ਬਾਸਿਲ ਨੇ ਵੀ 118 ਅੰਕ ਹਾਸਲ ਕੀਤੇ ਅਤੇ ਉਹ ਰੈਂਕਿੰਗ ਟਾਈਬ੍ਰੇਕ 'ਚ ਅੱਗੇ ਰਹੀ। ਭਾਰਤ ਲਈ ਆਸ਼ਿਮਾ ਨੇ 106 (20, 22, 23, 19, 22) ਅਤੇ ਮਨੀਸ਼ਾ ਨੇ 104 (19, 21, 22, 22, 20) ਅੰਕਾਂ ਦਾ ਯੋਗਦਾਨ ਦਿੱਤਾ।
ਮਹਿਲਾ ਟ੍ਰੈਪ ਟੀਮ ਈਵੈਂਟ ਵਿੱਚ ਭਾਰਤ ਦਾ ਇਹ ਲਗਾਤਾਰ ਦੂਜਾ ਏਸ਼ੀਆਈ ਖੇਡਾਂ ਦਾ ਤਗਮਾ ਹੈ। ਇਸ ਤੋਂ ਪਹਿਲਾਂ 2023 ਦੀਆਂ ਹਾਂਗਜ਼ੂ ਖੇਡਾਂ ਵਿੱਚ ਵੀ ਭਾਰਤ ਨੇ ਇਸੇ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਪ੍ਰਾਪਤੀ ਨਾਲ 2026 ਦੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਨਿਸ਼ਾਨੇਬਾਜ਼ੀ ਵਿੱਚ ਕੁੱਲ 13 ਤਗਮੇ ਹੋ ਗਏ ਹਨ, ਜਦੋਂ ਕਿ ਦੇਸ਼ ਦੀ ਕੁੱਲ ਤਗਮਾ ਸੂਚੀ 46 'ਤੇ ਪਹੁੰਚ ਗਈ ਹੈ। ਹੁਣ ਸਾਰੀਆਂ ਨਜ਼ਰਾਂ ਨੀਰੂ ਦੇ ਵਿਅਕਤੀਗਤ ਫਾਈਨਲ 'ਤੇ ਹਨ, ਜਿੱਥੇ ਉਸ ਕੋਲ ਭਾਰਤ ਲਈ ਇੱਕ ਹੋਰ ਤਗਮਾ ਜਿੱਤਣ ਦਾ ਸੁਨਹਿਰੀ ਮੌਕਾ ਹੋਵੇਗਾ।
Get all latest content delivered to your email a few times a month.