ਤਾਜਾ ਖਬਰਾਂ
ਵਾਸ਼ਿੰਗਟਨ ਡੀ.ਸੀ. ਵਿੱਚ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਉੱਘੇ ਸਮਾਜ ਸੇਵਕ ਡਾ. ਐੱਸ.ਪੀ. ਸਿੰਘ ਉਬਰਾਏ ਨੂੰ ਯੂਨੀਵਰਸਲ ਪੀਸ ਫੈਡਰੇਸ਼ਨ (ਯੂ.ਪੀ.ਐੱਫ.) ਵੱਲੋਂ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਵੱਲੋਂ ਮਨੁੱਖਤਾ ਦੀ ਭਲਾਈ, ਸਿੱਖਿਆ, ਸਿਹਤ ਸੇਵਾਵਾਂ ਅਤੇ ਕੁਦਰਤੀ ਆਫ਼ਤਾਂ ਦੌਰਾਨ ਕੀਤੇ ਜਾਂਦੇ ਰਾਹਤ ਕਾਰਜਾਂ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੇ ਮੱਦੇਨਜ਼ਰ ਦਿੱਤਾ ਗਿਆ।
ਸਰਬੱਤ ਦਾ ਭਲਾ ਟਰੱਸਟ ਦੇ ਬੁਲਾਰੇ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਯੂ.ਪੀ.ਐੱਫ. ਯੂ.ਐੱਸ.ਏ. ਦੀ ਵਾਈਸ ਪ੍ਰੈਜ਼ੀਡੈਂਟ ਟੋਮੀਕੋ ਦੁਗਾਨ ਨੇ ਡਾ. ਉਬਰਾਏ ਨੂੰ ਇਹ ਵਕਾਰੀ ਸਨਮਾਨ ਭੇਟ ਕੀਤਾ। ਸਮਾਗਮ ਦੌਰਾਨ ਉਨ੍ਹਾਂ ਡਾ. ਉਬਰਾਏ ਦੀਆਂ ਨਿਰਸਵਾਰਥ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਾਈਚਾਰੇ ਲਈ ਕੀਮਤੀ ਹਸਤੀ ਦੱਸਿਆ।
ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਡਾ. ਉਬਰਾਏ ਵੱਲੋਂ ਧਰਮ, ਜਾਤ ਅਤੇ ਰੰਗ ਦੇ ਭੇਦ ਤੋਂ ਉੱਪਰ ਉੱਠ ਕੇ ਲੋੜਵੰਦ ਬਜ਼ੁਰਗਾਂ, ਵਿਦਿਆਰਥੀਆਂ ਅਤੇ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਜਾਨ ਗੁਆਉਣ ਵਾਲਿਆਂ ਦੇ ਮ੍ਰਿਤਕ ਸਰੀਰ ਪਰਿਵਾਰਾਂ ਤੱਕ ਪਹੁੰਚਾਉਣ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜਾਂ ਵਿੱਚ ਵੀ ਉਨ੍ਹਾਂ ਦੀ ਸੰਸਥਾ ਵੱਲੋਂ ਸਹਾਇਤਾ ਕੀਤੀ ਜਾਂਦੀ ਹੈ।
ਡਾ. ਉਬਰਾਏ ਨੇ ਸਨਮਾਨ ਲਈ ਯੂਨੀਵਰਸਲ ਪੀਸ ਫੈਡਰੇਸ਼ਨ ਅਤੇ ਸਮਾਗਮ ਵਿੱਚ ਮੌਜੂਦ ਭਾਈਚਾਰੇ ਦੇ ਆਗੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਅਤੇ ਵਿਸ਼ਵ ਸ਼ਾਂਤੀ ਲਈ ਉਨ੍ਹਾਂ ਦੇ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਸਮਾਗਮ ਵਿੱਚ ਅਮਰੀਕਾ ਨਾਲ ਸਬੰਧਤ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
Get all latest content delivered to your email a few times a month.