ਤਾਜਾ ਖਬਰਾਂ
ਬਰਨਾਲਾ ਦੇ ਨਾਨਕਸਰ ਰੋਡ ’ਤੇ ਸਥਿਤ ਇੱਕ ਮਾਲ ਵਿੱਚ ਸਸਤੇ ਆਫਰ ਤਹਿਤ ਵਿਕ ਰਹੇ ਦੇਸੀ ਘੀ ਨੂੰ ਲੈ ਕੇ ਫੂਡ ਸੇਫਟੀ ਵਿਭਾਗ ਨੇ ਕਾਰਵਾਈ ਕੀਤੀ ਹੈ। ਜਾਂਚ ਦੌਰਾਨ ਸਬੰਧਤ ਬ੍ਰਾਂਡ ਦੇ ਲਾਇਸੈਂਸ ਅਤੇ ਦਸਤਾਵੇਜ਼ਾਂ ਨਾਲ ਜੁੜੀਆਂ ਕਥਿਤ ਅਨਿਯਮਿਤਤਾਵਾਂ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਨੇ ਮੌਕੇ ’ਤੇ ਮੌਜੂਦ 36 ਲੀਟਰ ਘੀ ਦਾ ਸਟਾਕ ਸੀਲ ਕਰ ਦਿੱਤਾ।
ਫੂਡ ਸੇਫਟੀ ਅਧਿਕਾਰੀ ਚਰਨਜੀਤ ਸਿੰਘ ਮੁਤਾਬਕ ਕੰਪਨੀ ਵੱਲੋਂ ਵੈਧ ਲਾਇਸੈਂਸ ਨਾਲ ਸਬੰਧਤ ਲੋੜੀਂਦੇ ਦਸਤਾਵੇਜ਼ ਪੇਸ਼ ਨਹੀਂ ਕੀਤੇ ਜਾ ਸਕੇ। ਇਸ ਦੇ ਚਲਦਿਆਂ 36 ਲੀਟਰ ਘੀ ਨੂੰ ਸੀਲ ਕਰਨ ਦੇ ਨਾਲ-ਨਾਲ ਜਾਂਚ ਮੁਕੰਮਲ ਹੋਣ ਤੱਕ ਹੋਰ ਸਬੰਧਤ ਸਟਾਕ ਦੀ ਵਿਕਰੀ ਵੀ ਰੋਕ ਦਿੱਤੀ ਗਈ ਹੈ। ਵਿਭਾਗ ਵੱਲੋਂ ਘੀ ਦੇ ਸੈਂਪਲ ਲੈ ਕੇ ਲੈਬ ਜਾਂਚ ਲਈ ਭੇਜੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਲੈਬ ਰਿਪੋਰਟ ਆਉਣ ਤੋਂ ਪਹਿਲਾਂ ਘੀ ਦੀ ਗੁਣਵੱਤਾ ਬਾਰੇ ਕੋਈ ਅੰਤਿਮ ਨਤੀਜਾ ਨਹੀਂ ਕੱਢਿਆ ਜਾ ਸਕਦਾ।
ਮਾਮਲੇ ਤੋਂ ਬਾਅਦ ਕੁਝ ਸਥਾਨਕ ਲੋਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਵੀ ਉਤਪਾਦ ਦੀ ਗੁਣਵੱਤਾ ਅਤੇ ਕੀਮਤ ਨੂੰ ਲੈ ਕੇ ਸਵਾਲ ਉਠਾਏ ਹਨ। ਸਥਾਨਕ ਵਸਨੀਕ ਸੁਖਜੀਤ ਸੁੱਖੀ ਨੇ ਦੱਸਿਆ ਕਿ ਉਹ ਹੋਰ ਔਰਤਾਂ ਨਾਲ ਸਸਤੇ ਆਫਰ ਕਾਰਨ ਮਾਲ ਵਿੱਚ ਖਰੀਦਦਾਰੀ ਲਈ ਗਈਆਂ ਸਨ, ਪਰ ਉਨ੍ਹਾਂ ਨੂੰ ਘੀ ਦੀ ਗੁਣਵੱਤਾ ਤਸੱਲੀਬਖ਼ਸ਼ ਨਹੀਂ ਲੱਗੀ। ਉਨ੍ਹਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ।
ਦਮਨਜੋਤ ਕੌਰ ਨੇ ਵੀ ਕਿਹਾ ਕਿ ਬਾਜ਼ਾਰ ਵਿੱਚ ਮਿਲ ਰਹੇ ਦੇਸੀ ਘੀ ਦੀਆਂ ਕੀਮਤਾਂ ਦੇ ਮੁਕਾਬਲੇ ਮਾਲ ਵੱਲੋਂ ਦਿੱਤਾ ਜਾ ਰਿਹਾ ਆਫਰ ਕਾਫ਼ੀ ਵੱਖਰਾ ਸੀ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਸਿਰਫ਼ ਘੱਟ ਕੀਮਤ ਦੇਖ ਕੇ ਖਾਦ ਪਦਾਰਥ ਨਾ ਖਰੀਦਣ, ਸਗੋਂ ਲੇਬਲ, ਪੈਕਿੰਗ, ਮਿਆਦ ਪੁੱਗਣ ਦੀ ਤਾਰੀਖ ਅਤੇ ਹੋਰ ਜ਼ਰੂਰੀ ਜਾਣਕਾਰੀ ਵੀ ਜਾਂਚਣ।
ਐਡਵੋਕੇਟ ਦੀਪਕ ਜਿੰਦਲ ਨੇ ਕਿਹਾ ਕਿ ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਲਾਇਸੈਂਸ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਵੱਡੇ ਮਾਲਾਂ ਅਤੇ ਦੁਕਾਨਾਂ ਵਿੱਚ ਖਾਦ ਪਦਾਰਥਾਂ ਦੀ ਜਾਂਚ ਹੋਰ ਤੇਜ਼ ਕਰਨ ਦੀ ਅਪੀਲ ਕੀਤੀ।
ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਫੂਡ ਸੇਫਟੀ ਵਿਭਾਗ ਦੀ ਕਾਰਵਾਈ ਦਾ ਨੋਟਿਸ ਲੈਂਦਿਆਂ ਖਾਦ ਪਦਾਰਥਾਂ ਦੀ ਜਾਂਚ ਦਾ ਦਾਇਰਾ ਵਧਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਵੱਡੇ ਮਾਲਾਂ ਅਤੇ ਦੁਕਾਨਾਂ ਵਿੱਚ ਵਿਕਣ ਵਾਲੇ ਖਾਦ ਪਦਾਰਥਾਂ ਦੀ ਨਿਯਮਤ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਗਾਹਕਾਂ ਨੂੰ ਵੀ ਅਪੀਲ ਕੀਤੀ ਕਿ ਖਰੀਦਦਾਰੀ ਸਮੇਂ ਸਿਰਫ਼ ਆਫਰ ਨਹੀਂ, ਬਲਕਿ ਉਤਪਾਦ ਦੀ ਐਕਸਪਾਇਰੀ ਡੇਟ, ਪੈਕਿੰਗ ਅਤੇ ਲੇਬਲ ਦੀ ਵੀ ਜਾਂਚ ਕਰਨ।
ਫਿਲਹਾਲ ਵਿਭਾਗ ਵੱਲੋਂ ਭੇਜੇ ਗਏ ਘੀ ਦੇ ਸੈਂਪਲਾਂ ਦੀ ਲੈਬ ਰਿਪੋਰਟ ਦੀ ਉਡੀਕ ਹੈ। ਰਿਪੋਰਟ ਮਿਲਣ ਤੋਂ ਬਾਅਦ ਹੀ ਉਤਪਾਦ ਦੀ ਗੁਣਵੱਤਾ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ ਅਤੇ ਉਸ ਦੇ ਆਧਾਰ ’ਤੇ ਅਗਲੀ ਕਾਰਵਾਈ ਤੈਅ ਕੀਤੀ ਜਾਵੇਗੀ।
Get all latest content delivered to your email a few times a month.