ਤਾਜਾ ਖਬਰਾਂ
ਫਿਰੋਜ਼ਪੁਰ ਰੇਂਜ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਬੀਐਸਐਫ ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਨੇ ਸਾਂਝੇ ਆਪ੍ਰੇਸ਼ਨ ਦੌਰਾਨ 19 ਕਿਲੋ 820 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਾਮਦ ਨਸ਼ੀਲਾ ਪਦਾਰਥ 20 ਪੈਕੇਟਾਂ ਵਿੱਚ ਸੀ।
ਏਐਨਟੀਐਫ ਮੁਤਾਬਕ, ਬੀਐਸਐਫ ਵੱਲੋਂ ਮਿਲੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ। ਆਪ੍ਰੇਸ਼ਨ ਦੀ ਨਿਗਰਾਨੀ ਏਐਨਟੀਐਫ ਫਿਰੋਜ਼ਪੁਰ ਰੇਂਜ ਦੇ ਡੀਐਸਪੀ ਪਿਰਥੀਪਾਲ ਸਿੰਘ ਅਤੇ ਬੀਐਸਐਫ ਦੇ ਸਹਾਇਕ ਕਮਾਂਡੈਂਟ ਵੱਲੋਂ ਕੀਤੀ ਗਈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਰੌਕੀ ਅਤੇ ਮਨਜੀਤ ਸਿੰਘ ਉਰਫ਼ ਗਗਨਦੀਪ, ਦੋਵੇਂ ਵਾਸੀ ਲੰਗੇਆਣਾ, ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਕਰੀਬ ਚਾਰ ਫੁੱਟ ਲੰਬੀ ਰਬੜ ਦੀ ਟਿਊਬ ਮਿਲੀ, ਜਿਸ ਦੇ ਅੰਦਰੋਂ 20 ਪੈਕੇਟਾਂ ਵਿੱਚ 19 ਕਿਲੋ 820 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਤੋਂ ਇਲਾਵਾ 30 ਰੁਪਏ ਦੀ ਭਾਰਤੀ ਕਰੰਸੀ ਅਤੇ ਇੱਕ ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਿਆ ਗਿਆ।
ਪੁਲਿਸ ਨੇ ਇਸ ਸਬੰਧੀ 25 ਸਤੰਬਰ ਨੂੰ ਐਫਆਈਆਰ ਨੰਬਰ 225/2026 ਦਰਜ ਕੀਤੀ ਹੈ। ਮੁੱਢਲੀ ਜਾਂਚ ਵਿੱਚ ਦੋਵਾਂ ਦੇ ਪਾਕਿਸਤਾਨ ਸਥਿਤ ਕਥਿਤ ਤਸਕਰਾਂ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਏਐਨਟੀਐਫ ਵੱਲੋਂ ਮੋਬਾਈਲ ਫੋਨ ਸਮੇਤ ਹੋਰ ਸਬੂਤਾਂ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸਰਹੱਦ ਪਾਰ ਨਸ਼ਾ ਤਸਕਰੀ ਨਾਲ ਜੁੜੇ ਹੋਰ ਵਿਅਕਤੀਆਂ ਅਤੇ ਨੈੱਟਵਰਕ ਦੀ ਭੂਮਿਕਾ ਬਾਰੇ ਪਤਾ ਲਗਾਇਆ ਜਾ ਸਕੇ।
Get all latest content delivered to your email a few times a month.