ਤਾਜਾ ਖਬਰਾਂ
ਅੰਮ੍ਰਿਤਸਰ-ਅਜਨਾਲਾ ਮੁੱਖ ਮਾਰਗ 'ਤੇ ਪਿੰਡ ਭੱਲਾ ਨੇੜੇ ਬੀਤੀ 11 ਸਤੰਬਰ ਨੂੰ ਡਿਊਟੀ ਤੋਂ ਪਰਤ ਰਹੇ ਏ.ਐੱਸ.ਆਈ. ਜਸਵੰਤ ਸਿੰਘ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਮੁੱਖ ਮੁਲਜ਼ਮ ਕਰਨਬੀਰ ਸਿੰਘ ਉਰਫ਼ ਕਰਨ ਦਾ ਪੁਲਿਸ ਨਾਲ ਹੋਏ ਇੱਕ ਜ਼ਬਰਦਸਤ ਮੁਕਾਬਲੇ ਦੌਰਾਨ ਓੜਕ ਹੋ ਗਿਆ। ਪੁਲਿਸ ਦੀ ਜਵਾਬੀ ਫਾਇਰਿੰਗ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਕਰਨਬੀਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਪੁਖ਼ਤਾ ਖ਼ੁਫ਼ੀਆ ਇਨਪੁਟ ਮਿਲਿਆ ਸੀ ਕਿ ਹਿਰਾਸਤ 'ਚੋਂ ਫ਼ਰਾਰ ਚੱਲ ਰਿਹਾ ਕਰਨਬੀਰ ਸਿੰਘ ਇਲਾਕੇ ਵਿੱਚ ਕਿਸੇ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਹੈ। ਇਸ 'ਤੇ ਕਾਰਵਾਈ ਕਰਦਿਆਂ ਜਦੋਂ ਪੁਲਿਸ ਟੀਮ ਨੇ ਉਸ ਨੂੰ ਘੇਰ ਕੇ ਆਤਮ-ਸਮਰਪਣ ਕਰਨ ਲਈ ਕਿਹਾ, ਤਾਂ ਮੁਲਜ਼ਮ ਨੇ ਪੁਲਿਸ 'ਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿੱਚ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਆਤਮ-ਰੱਖਿਆ 'ਚ ਪੁਲਿਸ ਵੱਲੋਂ ਕੀਤੀ ਗਈ ਪਲਟਵੀਂ ਕਾਰਵਾਈ 'ਚ ਕਰਨਬੀਰ ਗੋਲੀਆਂ ਲੱਗਣ ਕਾਰਨ ਢੇਰ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਆਈ.ਜੀ. (ਬਾਰਡਰ ਰੇਂਜ) ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ.ਐੱਸ.ਪੀ. (ਦਿਹਾਤੀ) ਕੰਵਲਪ੍ਰੀਤ ਸਿੰਘ ਚਾਹਲ ਸਮੇਤ ਭਾਰੀ ਪੁਲਿਸ ਬਲ ਮੌਕੇ 'ਤੇ ਪਹੁੰਚ ਗਿਆ। ਪੁਲਿਸ ਅਧਿਕਾਰੀਆਂ ਅਨੁਸਾਰ ਜਲਦ ਹੀ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਪੂਰੇ ਐਨਕਾਊਂਟਰ ਦੇ ਵਿਸਥਾਰਪੂਰਵਕ ਵੇਰਵੇ ਜਨਤਕ ਕੀਤੇ ਜਾਣਗੇ।
Get all latest content delivered to your email a few times a month.