ਤਾਜਾ ਖਬਰਾਂ
ਕਪੂਰਥਲਾ : ਸ਼ਹਿਰ ਦੇ ਮਾਰਕਫੈੱਡ ਇਲਾਕੇ ਅਤੇ ਇਸ ਦੇ ਆਸ-ਪਾਸ ਦੀਆਂ ਰਿਹਾਇਸ਼ੀ ਕਾਲੋਨੀਆਂ ਵਿੱਚ ਸ਼ਨੀਵਾਰ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇੱਕ ਹਲਕਾਏ ਹੋਏ ਕਾਲੇ ਰੰਗ ਦੇ ਅਵਾਰਾ ਕੁੱਤੇ ਨੇ ਰਾਹ ਜਾਂਦੇ ਲੋਕਾਂ 'ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਖ਼ੂਨੀ ਝੜਪ 'ਚ 6 ਮਾਸੂਮ ਬੱਚਿਆਂ ਸਮੇਤ ਲਗਭਗ 15 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਕੁੱਤੇ ਨੇ ਆਪਣੇ ਰਸਤੇ 'ਚ ਆਉਣ ਵਾਲੇ ਹਰ ਵਿਅਕਤੀ ਨੂੰ ਨਿਸ਼ਾਨਾ ਬਣਾਇਆ। ਹਮਲੇ ਦੇ ਸ਼ਿਕਾਰ ਹੋਏ ਲੋਕਾਂ ਵਿੱਚ 3 ਸਾਲਾ ਵਰੁਣਜੋਤ ਸਿੰਘ, 4 ਸਾਲਾ ਸੱਤਿਅਮ, 8 ਸਾਲਾ ਅਭੀਨੂਰ ਸਿੰਘ, 3.5 ਸਾਲਾ ਰੇਹੂ ਕੁਮਾਰੀ, 9 ਸਾਲਾ ਮੋਨੂੰ ਕੁਮਾਰ ਅਤੇ ਰੀਨਾ ਦੇਵੀ ਸਮੇਤ ਕਈ ਮਾਸੂਮ ਬੱਚੇ ਅਤੇ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ ਰਜਿੰਦਰ ਕੌਰ, ਸੰਜੀਵ ਕੁਮਾਰ, ਧਰਮਿੰਦਰ ਕੁਮਾਰ, ਅਰਵਿੰਦਰ ਮਾਥੋ, ਰਾਜਵਿੰਦਰ ਕੌਰ ਅਤੇ ਮੁੱਤੀ ਦੇਵੀ ਵਰਗੇ ਹੋਰ ਰਾਹਗੀਰ ਵੀ ਇਸ ਹਮਲੇ 'ਚ ਲਹੂ-ਲੁਹਾਣ ਹੋ ਗਏ।
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਤਾਇਨਾਤ ਡਾਕਟਰ ਜਸ਼ਨ ਅਤੇ ਡਾਕਟਰ ਯੁਕਤਾ ਨੇ ਦੱਸਿਆ ਕਿ ਕੁੱਤੇ ਦੇ ਵੱਢਣ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਸਾਰੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇਣ ਦੇ ਨਾਲ-ਨਾਲ ਐਂਟੀ-ਰੇਬੀਜ਼ ਟੀਕੇ ਲਗਾਏ ਜਾ ਰਹੇ ਹਨ। ਫਿਲਹਾਲ ਸਾਰਿਆਂ ਦੀ ਹਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਖ਼ੌਫ਼ਨਾਕ ਘਟਨਾ ਤੋਂ ਬਾਅਦ ਸਥਾਨਕ ਨਿਵਾਸੀਆਂ 'ਚ ਭਾਰੀ ਰੋਸ ਹੈ। ਲੋਕਾਂ ਦਾ ਕਹਿਣਾ ਹੈ ਕਿ ਗਲੀਆਂ 'ਚ ਘੁੰਮਦੇ ਅਵਾਰਾ ਕੁੱਤਿਆਂ ਕਾਰਨ ਬੱਚਿਆਂ ਤੇ ਬਜ਼ੁਰਗਾਂ ਦਾ ਘਰੋਂ ਨਿਕਲਣਾ ਦੁੱਭਰ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਇਸ ਸਮੱਸਿਆ ਦਾ ਪੱਕਾ ਹੱਲ ਕਰੇ।
ਦੂਜੇ ਪਾਸੇ, ਨਗਰ ਨਿਗਮ ਦੇ ਐੱਸ.ਓ. ਤਰਲੋਚਨ ਸਿੰਘ ਨੇ ਦੱਸਿਆ ਕਿ ਮਾਮਲਾ ਗੰਭੀਰ ਹੈ ਅਤੇ ਕੁੱਤੇ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮ ਮੌਕੇ 'ਤੇ ਭੇਜ ਦਿੱਤੀ ਗਈ ਹੈ, ਜਿਸ ਵੱਲੋਂ ਜਲਦ ਤੋਂ ਜਲਦ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Get all latest content delivered to your email a few times a month.