ਤਾਜਾ ਖਬਰਾਂ
ਉਦਯੋਗਿਕ ਸ਼ਹਿਰ ਲੁਧਿਆਣਾ ਦੇ ਬਹਾਦਰਕੇ ਰੋਡ ’ਤੇ ਵੀਰਵਾਰ ਸ਼ਾਮ ਕਰੀਬ 4 ਵਜੇ ਇੱਕ ਬੇਹੱਦ ਖ਼ੌਫ਼ਨਾਕ ਸੜਕ ਹਾਦਸਾ ਵਾਪਰਿਆ, ਜਿਸ ਨੇ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਇੱਕ ਬੇਕਾਬੂ ਅਤੇ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਟਿਆਗੋ EV ਕਾਰ (ਨੰਬਰ PB10JD7785) ਨੇ ਸੜਕ ’ਤੇ ਚੱਲ ਰਹੇ ਕਈ ਵਾਹਨਾਂ ਨੂੰ ਦਰੜ ਦਿੱਤਾ। ਇਸ ਹਿਰਦੇਵੇਧਕ ਘਟਨਾ ਵਿੱਚ 5 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਚਸ਼ਮਦੀਦਾਂ ਅਤੇ ਘਟਨਾ ਦੀ ਸੀਸੀਟੀਵੀ ਫੁਟੇਜ ਮੁਤਾਬਕ, ਹਾਦਸੇ ਵੇਲੇ ਕਾਰ ਦੀ ਰਫ਼ਤਾਰ ਕਰੀਬ 100 ਕਿਲੋਮੀਟਰ ਪ੍ਰਤੀ ਘੰਟਾ ਸੀ। ਟ੍ਰੈਫਿਕ ਦਰਮਿਆਨ ਆਈ ਇਸ ਬੇਕਾਬੂ ਗੱਡੀ ਨੇ ਸਭ ਤੋਂ ਪਹਿਲਾਂ ਇੱਕ ਸਾਈਕਲ ਅਤੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਏਨੀ ਭਿਆਨਕ ਸੀ ਕਿ ਬਾਈਕ ਚਾਲਕ 15 ਫੁੱਟ ਹਵਾ ਵਿੱਚ ਉੱਛਲਦਾ ਹੋਇਆ ਅਤੇ 3 ਪਲਟੀਆਂ ਖਾਂਦਾ ਹੋਇਆ ਕਰੀਬ 30 ਫੁੱਟ ਦੂਰ ਜਾ ਡਿੱਗਿਆ।
ਇਸ ਤੋਂ ਬਾਅਦ ਵੀ ਗੱਡੀ ਨਹੀਂ ਰੁਕੀ ਅਤੇ ਸਾਹਮਣਿਓਂ ਆ ਰਹੇ 2 ਈ-ਰਿਕਸ਼ਿਆਂ ਤੇ ਇੱਕ ਐਕਟਿਵਾ ਸਕੂਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਕਾਰਨ ਇੱਕ ਈ-ਰਿਕਸ਼ਾ ਸੜਕ ਦੇ ਵਿਚਕਾਰ ਹੀ ਪਲਟ ਗਿਆ। ਇਹ ਸਾਰਾ ਕਹਿਰ ਮਹਿਜ਼ 5 ਸਕਿੰਟਾਂ ਦੇ ਅੰਦਰ ਵਾਪਰ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ।
ਜ਼ਖ਼ਮੀਆਂ ਵਿੱਚ ਸ਼ਾਮਲ ਈ-ਰਿਕਸ਼ਾ ਚਾਲਕ ਜਤਿੰਦਰ ਪਾਲ ਸਿੰਘ, ਜਿਸ ਦੀ ਲੱਤ ਫਰੈਕਚਰ ਹੋ ਗਈ ਹੈ ਅਤੇ ਸਿਰ ’ਤੇ ਡੂੰਘੀਆਂ ਸੱਟਾਂ ਆਈਆਂ ਹਨ, ਨੇ ਦੱਸਿਆ ਕਿ ਉਹ ਆਪਣੇ ਰਿਕਸ਼ੇ ਵਿੱਚ ਦੋ ਸਵਾਰੀਆਂ ਲੈ ਕੇ ਜਾ ਰਿਹਾ ਸੀ। ਉਸ ਅਨੁਸਾਰ, ਹਾਦਸੇ ਤੋਂ ਬਾਅਦ ਕਾਰ ਡਰਾਈਵਰ ਦੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਆਪ ਬਾਹਰ ਨਿਕਲ ਸਕੇ, ਜਿਸ ਤੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ।
ਹਾਦਸੇ ਦੀ ਇਤਲਾਹ ਮਿਲਦਿਆਂ ਹੀ ਥਾਣਾ ਸਲੇਮ ਟਾਬਰੀ ਦੀ ਪੁਲਿਸ ਟੀਮ ਘਟਨਾ ਸਥਾਨ ’ਤੇ ਪੁੱਜੀ। ਸਥਾਨਕ ਲੋਕਾਂ ਦੀ ਮਦਦ ਨਾਲ ਖ਼ੂਨ ਨਾਲ ਲੱਥਪੱਥ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਡਰਾਈਵਰ ਦਾ ਮੈਡੀਕਲ ਟੈਸਟ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.