ਤਾਜਾ ਖਬਰਾਂ
ਹਫ਼ਤੇ ਵਿੱਚ 5 ਦਿਨ ਕੰਮ ਕਰਨ (5-day workweek) ਦੀ ਮੰਗ ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ (PLI) ਸਕੀਮ ਰੱਦ ਕਰਨ ਦੇ ਹੱਕ ਵਿੱਚ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ ਦਿੱਤੇ ਗਏ 3 ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨਾਲ ਦੇਸ਼ ਦੀਆਂ ਬੈਂਕਿੰਗ ਸੇਵਾਵਾਂ ਵੱਡੇ ਪੱਧਰ 'ਤੇ ਪ੍ਰਭਾਵਿਤ ਹੋਣ ਦੇ ਆਸਾਰ ਹਨ। ਇਸ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸਟੇਟ ਬੈਂਕ ਆਫ਼ ਇੰਡੀਆ (SBI), ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ (PNB) ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਵਰਗੇ ਪ੍ਰਮੁੱਖ ਸਰਕਾਰੀ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਸਾਵਧਾਨ ਕਰਦਿਆਂ ਵਿੱਤੀ ਲੈਣ-ਦੇਣ ਪਹਿਲਾਂ ਹੀ ਨਿਪਟਾਉਣ ਦੀ ਸਲਾਹ ਦਿੱਤੀ ਹੈ।
ਇਸ ਵਾਰ ਹੜਤਾਲ ਦਾ ਸਮਾਂ ਅਜਿਹਾ ਹੈ ਕਿ ਗਾਹਕਾਂ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਅਤੇ 27 ਸਤੰਬਰ ਨੂੰ ਐਤਵਾਰ ਹੋਣ ਕਰਕੇ ਬੈਂਕਾਂ 'ਚ ਪਹਿਲਾਂ ਹੀ ਸਰਕਾਰੀ ਛੁੱਟੀ ਹੈ। ਇਸ ਤੋਂ ਬਾਅਦ 28 ਤੋਂ 30 ਸਤੰਬਰ ਤੱਕ ਬੈਂਕ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਾਖਾਵਾਂ ਵਿੱਚ ਫਿਜ਼ੀਕਲ ਕੰਮਕਾਜ ਲਗਾਤਾਰ ਪੰਜ ਦਿਨ ਪੂਰੀ ਤਰ੍ਹਾਂ ਬੰਦ ਰਹੇਗਾ।
ਇਹ ਹੜਤਾਲ 30 ਸਤੰਬਰ ਨੂੰ ਹੋਣ ਵਾਲੀ ਖਾਤਿਆਂ ਦੀ ਛਮਾਹੀ ਕਲੋਜ਼ਿੰਗ (Half-Yearly Closing) ਦੇ ਬਿਲਕੁਲ ਨਾਲ ਮੇਲ ਖਾਂਦੀ ਹੈ। ਖੇਤਰੀ ਗ੍ਰਾਮੀਣ ਬੈਂਕਾਂ ਵੱਲੋਂ ਵੀ ਹੜਤਾਲ ਨੂੰ ਸਮਰਥਨ ਦੇਣ ਕਾਰਨ ਚੈੱਕ ਕਲੀਅਰਿੰਗ, ਟ੍ਰੇਜ਼ਰੀ ਆਪ੍ਰੇਸ਼ਨਜ਼ ਅਤੇ ਕਾਰਪੋਰੇਟ ਲੈਣ-ਦੇਣ 'ਤੇ ਗੰਭੀਰ ਅਸਰ ਪੈਣ ਦੀ ਸ਼ੰਕਾ ਹੈ। ਇਸ ਤੋਂ ਪਹਿਲਾਂ ਵੀ 11 ਸਤੰਬਰ ਨੂੰ ਬੈਂਕ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਦਿਨ ਦੀ ਹੜਤਾਲ ਕੀਤੀ ਸੀ।
Get all latest content delivered to your email a few times a month.