ਤਾਜਾ ਖਬਰਾਂ
ਅੰਮ੍ਰਿਤਸਰ ਦੇ ਦਿਹਾਤੀ ਇਲਾਕੇ 'ਚ ਪੁਲਿਸ ਅਤੇ ਇੱਕ ਲੋੜੀਂਦੇ ਗੈਂਗਸਟਰ ਵਿਚਾਲੇ ਹੋਈ ਤਾਬੜਤੋੜ ਗੋਲੀਬਾਰੀ ਦੌਰਾਨ ਇੱਕ ਅਪਰਾਧੀ ਨੂੰ ਜ਼ਖ਼ਮੀ ਹਾਲਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਮੱਤੇਵਾਲ ਪਿੰਡ ਨੇੜੇ ਨਹਿਰ ਦੀ ਪਟੜੀ ਕੋਲ ਵਾਪਰੀ, ਜਿੱਥੇ ਪੁਲਿਸ ਨੇ ਘੇਰਾਬੰਦੀ ਕਰਕੇ ਦੋਸ਼ੀ ਨੂੰ ਦਬੋਚ ਲਿਆ।
ਮਿਲੀਆਂ ਖ਼ਬਰਾਂ ਮੁਤਾਬਕ, ਥਾਣਾ ਮੱਤੇਵਾਲ ਦੇ ਮੁਖੀ (ਐੱਸ.ਐੱਚ.ਓ.) ਸਬ-ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਇਲਾਕੇ ਵਿੱਚ ਗਸ਼ਤ 'ਤੇ ਸੀ। ਇਸੇ ਦੌਰਾਨ ਸ਼ੱਕੀ ਹਾਲਤ 'ਚ ਘੁੰਮ ਰਹੇ ਗੈਂਗਸਟਰ ਨੇ ਪੁਲਿਸ ਪਾਰਟੀ 'ਤੇ ਅਚਾਨਕ 4 ਤੋਂ 5 ਰਾਊਂਡ ਫਾਇਰ ਕਰ ਦਿੱਤੇ। ਪੁਲਿਸ ਵੱਲੋਂ ਜਵਾਬੀ ਕਾਰਵਾਈ 'ਚ ਚਲਾਈ ਗਈ ਗੋਲੀ ਗੈਂਗਸਟਰ ਦੀ ਲੱਤ 'ਚ ਲੱਗੀ, ਜਿਸ ਤੋਂ ਬਾਅਦ ਉਹ ਜ਼ਮੀਨ 'ਤੇ ਡਿੱਗ ਪਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਮੌਕੇ 'ਤੇ ਹੀ ਹਿਰਾਸਤ 'ਚ ਲੈ ਕੇ ਇਲਾਜ ਲਈ ਨੇੜਲੇ ਹਸਪਤਾਲ ਭਰਤੀ ਕਰਵਾਇਆ।
ਮੁਲਜ਼ਮ ਦੀ ਪਛਾਣ ਹਰਮਨ ਸਿੰਘ (ਪੁੱਤਰ ਹਰਜਿੰਦਰ ਸਿੰਘ), ਵਾਸੀ ਬੋਪਾਰਾਏ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹਰਮਨ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਪਿੰਡ ਬੋਪਾਰਾਏ ਵਿਖੇ ਇੱਕ ਵਿਅਕਤੀ 'ਤੇ ਜਾਨਲੇਵਾ ਗੋਲੀਬਾਰੀ ਕਰਨ ਦਾ ਮਾਮਲਾ ਵੀ ਸ਼ਾਮਲ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ, ਐੱਸ.ਪੀ.ਡੀ. ਰਮਨਦੀਪ ਸਿੰਘ, ਡੀ.ਐੱਸ.ਪੀ. (ਡੀ) ਗੁਰਿੰਦਰਪਾਲ ਸਿੰਘ ਨਾਗਰਾ ਅਤੇ ਸੀ.ਆਈ.ਏ. ਸਟਾਫ਼ ਇੰਚਾਰਜ ਅਜੈਪਾਲ ਸਿੰਘ ਸਮੇਤ ਭਾਰੀ ਪੁਲਿਸ ਨਫ਼ਰੀ ਨਾਲ ਘਟਨਾ ਸਥਾਨ 'ਤੇ ਪਹੁੰਚੇ। ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਗੋਲੀਆਂ ਦੇ ਖੋਲ ਅਤੇ ਹਥਿਆਰਾਂ ਸਮੇਤ ਅਹਿਮ ਸਬੂਤ ਜੁਟਾ ਲਏ ਹਨ।
ਪੁਲਿਸ ਵੱਲੋਂ ਦੋਸ਼ੀ ਕੋਲੋਂ ਬਰਾਮਦ ਹੋਏ ਅਸਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਵਿਰੁੱਧ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।
Get all latest content delivered to your email a few times a month.