ਤਾਜਾ ਖਬਰਾਂ
ਪੰਜਾਬ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਫਸਲਾਂ ਦੀ ਰਹਿੰਦ-ਖੂੰਹਦ (ਪਰਾਲੀ) ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਵਲੋਂ ਨਿਗਰਾਨੀ ਵਧਾ ਦਿੱਤੀ ਗਈ ਹੈ। ਕਮਿਸ਼ਨ ਫਾਰ ਏਅਰ ਕਵਾਲਿਟੀ ਮੈਨੇਜਮੈਂਟ System (CAQMS) ਦੀ 22 ਸਤੰਬਰ 2026 ਤੱਕ ਦੀ ਨਵੀਂ ਰਿਪੋਰਟ ਮੁਤਾਬਕ, ਸੂਬੇ ਭਰ ਵਿੱਚ ਹੁਣ ਤੱਕ ਅੱਗ ਲੱਗਣ ਦੇ ਕੁੱਲ 24 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 17 ਥਾਵਾਂ 'ਤੇ ਟੀਮਾਂ ਵਲੋਂ ਮੌਕੇ 'ਤੇ ਜਾ ਕੇ ਖੇਤਾਂ ਦੀ ਤਲਾਸ਼ੀ ਲਈ ਗਈ, ਜਿਨ੍ਹਾਂ ਵਿੱਚੋਂ 8 ਮਾਮਲਿਆਂ 'ਚ ਪਰਾਲੀ ਸਾੜਨ ਦੀ ਪੁਸ਼ਟੀ ਹੋਈ ਹੈ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਪ੍ਰਸ਼ਾਸਨ ਨੇ 5 ਮਾਮਲਿਆਂ ਵਿੱਚ ਕੁੱਲ 25 ਹਜ਼ਾਰ ਰੁਪਏ ਦਾ ਵਾਤਾਵਰਣ ਮੁਆਵਜ਼ਾ (ਜੁਰਮਾਨਾ) ਆਇਦ ਕੀਤਾ ਹੈ, ਜਿਸ ਵਿੱਚੋਂ 10 ਹਜ਼ਾਰ ਰੁਪਏ ਦੀ ਉਗਰਾਹੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ, ਲਾਪਰਵਾਹੀ ਵਰਤਣ ਵਾਲੇ 4 ਕਿਸਾਨਾਂ ਦੇ ਰੈਵੇਨਿਊ ਰਿਕਾਰਡ 'ਚ 'ਰੈੱਡ ਐਂਟਰੀ' ਕੀਤੀ ਗਈ ਹੈ ਅਤੇ 4 ਚੇਤਾਵਨੀ ਨੋਟਿਸ ਵੀ ਜਾਰੀ ਕੀਤੇ ਗਏ ਹਨ।
ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਸਭ ਤੋਂ ਵੱਧ 13 ਮਾਮਲੇ ਦਰਜ ਕੀਤੇ ਗਏ। ਟੀਮਾਂ ਵਲੋਂ 9 ਖੇਤਾਂ ਦੀ ਜਾਂਚ ਕੀਤੀ ਗਈ, ਜਿੱਥੇ 3 ਥਾਵਾਂ 'ਤੇ ਅੱਗ ਲਗਾਉਣ ਦੀ ਪੁਸ਼ਟੀ ਹੋਈ। ਇੱਕ ਮਾਮਲੇ ਵਿੱਚ 5 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ, ਜੋ ਕਿ ਪੂਰਾ ਵਸੂਲ ਲਿਆ ਗਿਆ ਹੈ।
ਫਿਰੋਜ਼ਪੁਰ: ਇੱਥੇ 4 ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ 'ਚੋਂ 3 ਖੇਤਾਂ ਦੀ ਜਾਂਚ ਦੌਰਾਨ ਉਲੰਘਣਾ ਦੀ ਭੌਤਿਕ ਪੁਸ਼ਟੀ ਹੋਈ। 3 ਮਾਮਲਿਆਂ ਵਿੱਚ 15 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ (5 ਹਜ਼ਾਰ ਰੁਪਏ ਦੀ ਵਸੂਲੀ ਹੋਈ)। ਇਸ ਦੇ ਨਾਲ ਹੀ 3 ਰੈੱਡ ਐਂਟਰੀਆਂ ਅਤੇ 4 ਚੇਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ।
ਹੁਸ਼ਿਆਰਪੁਰ: 1 ਮਾਮਲਾ ਸਾਹਮਣੇ ਆਇਆ, ਜਿਸ ਦੀ ਜਾਂਚ ਤੋਂ ਬਾਅਦ ਪਰਾਲੀ ਸਾੜਨ ਦੀ ਪੁਸ਼ਟੀ ਹੋਣ 'ਤੇ 5 ਹਜ਼ਾਰ ਰੁਪਏ ਦਾ ਵਾਤਾਵਰਣ ਮੁਆਵਜ਼ਾ ਲਗਾਇਆ ਗਿਆ।
ਤਰਨਤਾਰਨ: 2 ਮਾਮਲੇ ਦਰਜ ਹੋਏ, ਜਿਨ੍ਹਾਂ ਦੀ ਜਾਂਚ ਦੌਰਾਨ 1 ਥਾਂ 'ਤੇ ਅੱਗ ਲਗਾਉਣ ਦੀ ਪੁਸ਼ਟੀ ਹੋਈ ਅਤੇ 1 ਰੈੱਡ ਐਂਟਰੀ ਕੀਤੀ ਗਈ।
ਐਸ.ਬੀ.ਐਸ. ਨਗਰ (ਨਵਾਂਸ਼ਹਿਰ): ਇੱਥੇ ਪਰਾਲੀ ਸਾੜਨ ਦਾ 1 ਮਾਮਲਾ ਰਿਕਾਰਡ ਕੀਤਾ ਗਿਆ ਹੈ।
ਪਟਿਆਲਾ: ਪਟਿਆਲਾ ਜ਼ਿਲ੍ਹੇ ਵਿੱਚ ਵੀ 1 ਘਟਨਾ ਰਿਕਾਰਡ ਕੀਤੀ ਗਈ ਹੈ। ਹਾਲਾਂਕਿ, ਰਿਪੋਰਟ ਅਨੁਸਾਰ ਇੱਥੇ ਖੇਤ ਦੀ ਜਾਂਚ, ਜੁਰਮਾਨਾ, ਰੈੱਡ ਐਂਟਰੀ ਜਾਂ ਨੋਟਿਸ ਵਰਗੀ ਕਿਸੇ ਵੀ ਕਾਰਵਾਈ ਵਾਲੇ ਕਾਲਮ ਵਿੱਚ 'ਜ਼ੀਰੋ' ਦਰਜ ਹੈ।
ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੈਟੇਲਾਇਟ ਨਿਗਰਾਨੀ ਅਤੇ ਜ਼ਮੀਨੀ ਟੀਮਾਂ ਦੀ ਗਸ਼ਤ ਹੋਰ ਵਧਾਈ ਜਾਵੇਗੀ ਤਾਂ ਜੋ ਪ੍ਰਦੂਸ਼ਣ 'ਤੇ ਠੱਲ੍ਹ ਪਾਈ ਜਾ ਸਕੇ।
Get all latest content delivered to your email a few times a month.