IMG-LOGO
ਹੋਮ ਪੰਜਾਬ: ਮਾਵਾਂ ਧੀਆਂ ਸਤਿਕਾਰ ਯੋਜਨਾ ਅਤੇ ਹੋਰ ਭਲਾਈ ਸਕੀਮਾਂ ਨੂੰ ਰੋਕਣ...

ਮਾਵਾਂ ਧੀਆਂ ਸਤਿਕਾਰ ਯੋਜਨਾ ਅਤੇ ਹੋਰ ਭਲਾਈ ਸਕੀਮਾਂ ਨੂੰ ਰੋਕਣ ਤੇ ਸਰਕਾਰੀ ਅਧਿਕਾਰੀਆਂ 'ਚ ਡਰ ਤੇ ਦਬਾਅ ਪੈਦਾ ਕਰਨ ਲਈ ਕੇਂਦਰੀ ਏਜੰਸੀਆਂ ਗਮਾਡਾ ਨੂੰ ਨਿਸ਼ਾਨਾ...

Admin User - Sep 22, 2026 08:57 PM
IMG

ਚੰਡੀਗੜ੍ਹ 22 ਸਤੰਬਰ -

ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿੱਚ ਡਰ ਅਤੇ ਦਬਾਅ ਬਣਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ ਤਾਂ ਜੋ ਭਗਵੰਤ ਮਾਨ ਸਰਕਾਰ ਦੇ ਭਲਾਈ ਅਤੇ ਵਿਕਾਸ ਦੇ ਏਜੰਡੇ ਵਿੱਚ ਰੁਕਾਵਟ ਪਾਈ ਜਾ ਸਕੇ। ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਵਿਰੁੱਧ ਇਹ ਕਾਰਵਾਈ ਅਜਿਹੇ ਸਮੇਂ ਕੀਤੀ ਜਾ ਰਹੀ ਹੈ ਜਦੋਂ 'ਮਾਵਾਂ ਧੀਆਂ ਸਤਿਕਾਰ ਯੋਜਨਾ' ਸਮੇਤ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਲਗਾਤਾਰ ਜਨਤਕ ਸਮਰਥਨ ਮਿਲ ਰਿਹਾ ਹੈ। 'ਆਪ' ਨੇ ਕਿਹਾ ਕਿ ਮੋਹਾਲੀ ਵਿੱਚ ਵਿਕਾਸ ਕਾਰਜਾਂ ਲਈ ਜ਼ਿੰਮੇਵਾਰ ਇੱਕ ਪ੍ਰਮੁੱਖ ਮਾਲੀਆ ਪੈਦਾ ਕਰਨ ਵਾਲੀ ਅਥਾਰਟੀ ਨੂੰ ਨਿਸ਼ਾਨਾ ਬਣਾਉਣਾ ਕੇਂਦਰ ਦੀ ਨੀਅਤ ਅਤੇ ਭਗਵੰਤ ਮਾਨ ਸਰਕਾਰ ਦੇ ਲੋਕ ਭਲਾਈ ਕੰਮਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਇੱਕ ਬਿਆਨ ਵਿੱਚ 'ਆਪ' ਨੇ ਕਿਹਾ, “ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੇਂਦਰੀ ਏਜੰਸੀਆਂ ਰਾਹੀਂ ਪੰਜਾਬ ਦੇ ਅਧਿਕਾਰੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਸਿਆਸੀ ਤੌਰ 'ਤੇ ਮਾਨ ਸਰਕਾਰ ਦੇ ਕੰਮਾਂ ਨੂੰ ਰੋਕ ਨਹੀਂ ਸਕਦੀ। ਗਮਾਡਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਦੇ ਅਧਿਕਾਰੀਆਂ 'ਤੇ ਦਬਾਅ ਪਾਇਆ ਜਾ ਰਿਹਾ ਹੈ, ਅਤੇ ਮੋਹਾਲੀ ਦੇ ਯੋਜਨਾਬੱਧ ਵਿਕਾਸ ਲਈ ਜ਼ਿੰਮੇਵਾਰ ਸੰਸਥਾ ਵਿੱਚ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।”

'ਆਪ' ਨੇ ਕਿਹਾ, “ਗਮਾਡਾ ਪੰਜਾਬ ਦੀ ਇੱਕ ਪ੍ਰਮੁੱਖ ਮਾਲੀਆ ਪੈਦਾ ਕਰਨ ਵਾਲੀ ਅਥਾਰਟੀ ਹੈ ਅਤੇ ਇਸ ਦੇ ਵਿੱਤੀ ਸਰੋਤ ਉਸ ਵਿਆਪਕ ਆਰਥਿਕ ਸਮਰੱਥਾ ਦਾ ਹਿੱਸਾ ਹਨ ਜਿਸ ਰਾਹੀਂ ਪੰਜਾਬ ਸਰਕਾਰ ਜਨਤਕ ਭਲਾਈ ਅਤੇ ਵਿਕਾਸ ਦੇ ਕੰਮ ਕਰਦੀ ਹੈ। ਅਜਿਹੀ ਸੰਸਥਾ ਨੂੰ ਅਜਿਹੇ ਸਮੇਂ ਨਿਸ਼ਾਨਾ ਬਣਾਉਣਾ ਜਦੋਂ ਭਗਵੰਤ ਮਾਨ ਸਰਕਾਰ ਭਲਾਈ ਯੋਜਨਾਵਾਂ ਦਾ ਵਿਸਥਾਰ ਕਰ ਰਹੀ ਹੈ, ਇਸ ਕਾਰਵਾਈ ਪਿੱਛੇ ਭਾਜਪਾ ਦੇ ਵੱਡੇ ਸਿਆਸੀ ਮਨਸੂਬਿਆਂ ਨੂੰ ਉਜਾਗਰ ਕਰਦਾ ਹੈ।”

ਪਾਰਟੀ ਨੇ ਕਿਹਾ, “ਭਾਜਪਾ ਸਿਆਸੀ ਤੌਰ 'ਤੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਨੂੰ ਰੋਕ ਨਹੀਂ ਸਕਦੀ, ਇਸ ਲਈ ਹੁਣ ਉਹ ਕੇਂਦਰੀ ਏਜੰਸੀਆਂ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗਮਾਡਾ ਪੰਜਾਬ ਲਈ ਵੱਡੀ ਮਾਤਰਾ ਵਿੱਚ ਸਰੋਤ ਪੈਦਾ ਕਰਦਾ ਹੈ। ਇਹ ਉਹ ਸਰੋਤ ਹਨ ਜੋ ਇੱਕ ਚੁਣੀ ਹੋਈ ਸਰਕਾਰ ਨੂੰ ਵਿਕਾਸ ਕਾਰਜ ਕਰਨ ਅਤੇ ਆਪਣੇ ਲੋਕਾਂ ਨੂੰ ਭਲਾਈ ਸੁਵਿਧਾਵਾਂ ਦੇਣ ਦੇ ਯੋਗ ਬਣਾਉਂਦੇ ਹਨ। ਜਦੋਂ ਭਾਜਪਾ ਗਮਾਡਾ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਇਸ ਦੇ ਅਧਿਕਾਰੀਆਂ ਨੂੰ ਡਰਾਉਂਦੀ ਹੈ, ਤਾਂ ਉਹ ਅਸਲ ਵਿੱਚ ਪੰਜਾਬ ਸਰਕਾਰ ਦੀ ਲੋਕਾਂ ਲਈ ਕੰਮ ਕਰਨ ਦੀ ਸਮਰੱਥਾ ਨੂੰ ਨਿਸ਼ਾਨਾ ਬਣਾ ਰਹੀ ਹੁੰਦੀ ਹੈ।”

'ਆਪ' ਨੇ ਕਿਹਾ ਕਿ ਮਾਨ ਸਰਕਾਰ ਨੇ ਸਿਹਤ, ਸਿੱਖਿਆ, ਬਿਜਲੀ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਵਿਆਪਕ ਕਦਮ ਚੁੱਕਣ ਦੇ ਨਾਲ-ਨਾਲ 'ਮਾਵਾਂ ਧੀਆਂ ਸਤਿਕਾਰ ਯੋਜਨਾ' ਵਰਗੀਆਂ ਵੱਡੀਆਂ ਭਲਾਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। “ਮਾਵਾਂ ਧੀਆਂ ਸਤਿਕਾਰ ਯੋਜਨਾ ਪੂਰੇ ਪੰਜਾਬ ਵਿੱਚ ਔਰਤਾਂ ਨੂੰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਭਗਵੰਤ ਮਾਨ ਸਰਕਾਰ ਨੇ ਮੁਫ਼ਤ ਬਿਜਲੀ ਦਿੱਤੀ ਹੈ, ਸਿਹਤ ਸੰਭਾਲ ਦਾ ਵਿਸਥਾਰ ਕੀਤਾ ਹੈ, ਸਰਕਾਰੀ ਸਿੱਖਿਆ ਨੂੰ ਮਜ਼ਬੂਤ ਕੀਤਾ ਹੈ ਅਤੇ ਆਮ ਪਰਿਵਾਰਾਂ ਲਈ ਹੋਰ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਭਾਜਪਾ ਹੁਣ ਉਨ੍ਹਾਂ ਸੰਸਥਾਵਾਂ ਅਤੇ ਵਿੱਤੀ ਸਰੋਤਾਂ 'ਤੇ ਦਬਾਅ ਪਾਉਣਾ ਚਾਹੁੰਦੀ ਹੈ ਜਿਨ੍ਹਾਂ ਰਾਹੀਂ ਪੰਜਾਬ ਦਾ ਵਿਕਾਸ ਅਤੇ ਭਲਾਈ ਕਾਰਜ ਅੱਗੇ ਵਧ ਰਹੇ ਹਨ,” ਪਾਰਟੀ ਨੇ ਦਾਅਵਾ ਕੀਤਾ।

ਪਾਰਟੀ ਨੇ ਕਿਹਾ, “ਗਮਾਡਾ ਮੋਹਾਲੀ ਦੇ ਵਿਕਾਸ ਨੂੰ ਅੱਗੇ ਵਧਾ ਰਿਹਾ ਹੈ। ਵੱਡੀਆਂ ਸੜਕਾਂ, ਸ਼ਹਿਰੀ ਬੁਨਿਆਦੀ ਢਾਂਚਾ, ਆਈ.ਟੀ. ਸਿਟੀ, ਏਅਰੋਟ੍ਰੋਪੋਲਿਸ, ਐਕਸਪੋ ਸਿਟੀ ਅਤੇ ਹੋਰ ਪ੍ਰੋਜੈਕਟ ਇਸ ਅਥਾਰਟੀ ਦੇ ਸੁਚੱਜੇ ਕੰਮਕਾਜ 'ਤੇ ਨਿਰਭਰ ਕਰਦੇ ਹਨ। ਗਮਾਡਾ ਦੇ ਅਧਿਕਾਰੀਆਂ ਵਿੱਚ ਡਰ ਪੈਦਾ ਕਰਕੇ, ਭਾਜਪਾ ਸਿਰਫ਼ ਕੁਝ ਅਧਿਕਾਰੀਆਂ ਨੂੰ ਨਿਸ਼ਾਨਾ ਨਹੀਂ ਬਣਾ ਰਹੀ, ਬਲਕਿ ਮੋਹਾਲੀ ਦੇ ਵਿਕਾਸ ਵਿੱਚ ਰੁਕਾਵਟਾਂ ਪੈਦਾ ਕਰ ਰਹੀ ਹੈ ਅਤੇ ਇੱਕ ਪੂਰੇ ਸ਼ਹਿਰ ਦੀ ਪ੍ਰਗਤੀ 'ਤੇ ਬ੍ਰੇਕ ਲਗਾ ਰਹੀ ਹੈ।”

'ਆਪ' ਨੇ ਕਿਹਾ ਕਿ ਭਾਜਪਾ ਨੂੰ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਡਰ ਦਾ ਮਾਹੌਲ ਸਿਰਜਣ ਦੀ ਬਜਾਏ ਗਵਰਨੈਂਸ (ਸ਼ਾਸਨ) ਦੇ ਮੁੱਦੇ 'ਤੇ ਭਗਵੰਤ ਮਾਨ ਸਰਕਾਰ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ। “ਜੇਕਰ ਭਾਜਪਾ ਸਮਝਦੀ ਹੈ ਕਿ ਉਹ ਮਾਨ ਸਰਕਾਰ ਨੂੰ ਚੁਣੌਤੀ ਦੇ ਸਕਦੀ ਹੈ ਤਾਂ ਉਸ ਨੂੰ ਲੋਕਾਂ ਦੇ ਸਾਹਮਣੇ ਆ ਕੇ ਗਵਰਨੈਂਸ ਦੇ ਆਧਾਰ 'ਤੇ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਦੀ ਬਜਾਏ ਉਹ ਪੰਜਾਬ ਦੀਆਂ ਸੰਸਥਾਵਾਂ ਅਤੇ ਅਧਿਕਾਰੀਆਂ ਦੇ ਪਿੱਛੇ ਏਜੰਸੀਆਂ ਕਿਉਂ ਲਗਾ ਰਹੀ ਹੈ? ਉਹ ਉਨ੍ਹਾਂ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ ਜੋ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਲਾਗੂ ਕਰ ਰਹੇ ਹਨ?”

'ਆਪ' ਨੇ ਕਿਹਾ ਕਿ ਇਹ ਤਰੀਕਾ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇਖੀਆਂ ਗਈਆਂ ਚਾਲਾਂ ਦੀ ਯਾਦ ਦਿਵਾਉਂਦਾ ਹੈ। ਪਾਰਟੀ ਨੇ ਜ਼ੋਰ ਦੇ ਕੇ ਕਿਹਾ“ਦਿੱਲੀ ਚੋਣਾਂ ਤੋਂ ਪਹਿਲਾਂ ਵੀ ਏਜੰਸੀਆਂ, ਛਾਪੇਮਾਰੀ ਅਤੇ ਦਬਾਅ ਦੀ ਇਹੀ ਰਾਜਨੀਤੀ ਵਰਤੀ ਗਈ ਸੀ। ਭਾਜਪਾ ਆਮ ਲੋਕਤੰਤਰੀ ਤਰੀਕਿਆਂ ਨਾਲ ਸਿਆਸੀ ਕੰਮਾਂ ਨੂੰ ਨਹੀਂ ਰੋਕ ਸਕੀ, ਇਸ ਲਈ ਕੇਂਦਰੀ ਏਜੰਸੀਆਂ ਨੂੰ ਵਾਰ-ਵਾਰ ਵਿਚਕਾਰ ਲਿਆਂਦਾ ਗਿਆ। ਹੁਣ ਪੰਜਾਬ ਵਿੱਚ ਵੀ ਇਹੀ ਪੈਟਰਨ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਪੰਜਾਬ ਡਰਨ ਵਾਲਾ ਨਹੀਂ ਹੈ,”।

“ਪੰਜਾਬ ਦੇ ਅਧਿਕਾਰੀ ਲੋਕਾਂ ਲਈ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਡਰ ਦੇ ਮਾਹੌਲ ਵਿੱਚ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਦਿੱਲੀ ਦੀ ਸਰਕਾਰ ਪੰਜਾਬ ਦੀ ਚੁਣੀ ਹੋਈ ਸਰਕਾਰ 'ਤੇ ਦਬਾਅ ਪਾਉਣਾ ਚਾਹੁੰਦੀ ਹੈ। ਪਾਰਟੀ ਨੇ ਸਪੱਸ਼ਟ ਕੀਤਾ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਰਾਜ ਕਰਨ ਦਾ ਜਨਾਦੇਸ਼ ਦਿੱਤਾ ਹੈ, ਅਤੇ ਏਜੰਸੀਆਂ ਦੇ ਦਬਾਅ ਨਾਲ ਉਸ ਜਨਾਦੇਸ਼ ਨੂੰ ਕਮਜ਼ੋਰ ਨਹੀਂ ਕੀਤਾ ਜਾ ਸਕਦਾ,”।

ਪਾਰਟੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੂਰੇ ਪੰਜਾਬ ਵਿੱਚ ਭਲਾਈ ਯੋਜਨਾਵਾਂ ਦੇ ਵਿਸਥਾਰ ਅਤੇ ਵਿਕਾਸ ਨੂੰ ਤੇਜ਼ ਕਰਨਾ ਜਾਰੀ ਰੱਖੇਗੀ।ਆਪ' ਨੇ ਸਪੱਸ਼ਟ ਕੀਤਾ “ਭਾਜਪਾ ਦਫ਼ਤਰਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ, ਅਧਿਕਾਰੀਆਂ ਨੂੰ ਤਲਬ ਕਰ ਸਕਦੀ ਹੈ ਅਤੇ ਜਿੰਨਾ ਮਰਜ਼ੀ ਦਬਾਅ ਪਾ ਸਕਦੀ ਹੈ। ਇਹ ਮਾਨ ਸਰਕਾਰ ਨੂੰ ਪੰਜਾਬ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੀ। ਮਾਵਾਂ ਧੀਆਂ ਸਤਿਕਾਰ ਯੋਜਨਾ ਔਰਤਾਂ ਤੱਕ ਪਹੁੰਚੇਗੀ, ਭਲਾਈ ਸਕੀਮਾਂ ਦਾ ਲਾਭ ਪਰਿਵਾਰਾਂ ਨੂੰ ਮਿਲਦਾ ਰਹੇਗਾ, ਅਤੇ ਮੋਹਾਲੀ ਦਾ ਵਿਕਾਸ ਪੂਰੀ ਰਫ਼ਤਾਰ ਨਾਲ ਜਾਰੀ ਰਹੇਗਾ। ਪੰਜਾਬ ਦੀ ਪ੍ਰਗਤੀ ਨੂੰ ਭਾਜਪਾ ਦੀ ਦਬਾਅ ਵਾਲੀ ਰਾਜਨੀਤੀ ਦੀ ਬੰਧਕ ਨਹੀਂ ਬਣਨ ਦਿੱਤਾ ਜਾਵੇਗਾ,”

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.