ਤਾਜਾ ਖਬਰਾਂ
ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦੇ ਬੇਹੱਦ ਕਰੀਬੀ ਸਾਥੀ ਬਿੱਲਾ ਸਿੱਧੂ ਘੁੰਮਣ ਨੇ ਪ੍ਰਸਿੱਧ ਗਾਇਕਾ ਅਫਸਾਨਾ ਖਾਨ ਖਿਲਾਫ਼ ਤਿੱਖਾ ਮੋਰਚਾ ਖੋਲ੍ਹ ਦਿੱਤਾ ਹੈ। ਘੁੰਮਣ ਨੇ ਇੱਕ ਬਿਆਨ ਜਾਰੀ ਕਰਦਿਆਂ ਅਫਸਾਨਾ ਖਾਨ 'ਤੇ ਗੰਭੀਰ ਦੋਸ਼ ਲਾਏ ਹਨ ਕਿ ਉਸ ਨੇ ਸ਼ੌਹਰਤ ਅਤੇ ਪੈਸੇ ਦੀ ਖਾਤਰ ਸਿੱਧੂ ਮੂਸੇਵਾਲਾ ਦੇ ਅਹਿਸਾਨਾਂ ਨੂੰ ਦਰਕਿਨਾਰ ਕਰ ਦਿੱਤਾ ਹੈ।
ਬਿੱਲਾ ਘੁੰਮਣ ਨੇ ਅਫਸਾਨਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਮੇਸ਼ਾ ਸਿੱਧੂ ਦਾ ਵਿਰੋਧ ਕੀਤਾ ਅਤੇ ਉਸ ਬਾਰੇ ਮਾੜਾ ਬੋਲਿਆ, ਅਫਸਾਨਾ ਅੱਜ ਉਨ੍ਹਾਂ ਨਾਲ ਹੀ ਗੀਤਾਂ ਦੇ ਕੋਲੈਬੋਰੇਸ਼ਨ (Collab) ਕਰ ਰਹੀ ਹੈ। ਉਨ੍ਹਾਂ ਕਿਹਾ, "ਸਿੱਧੂ ਬਹੁਤ ਹੀ ਸਾਫ਼ ਦਿਲ ਅਤੇ ਭੋਲਾ ਸੀ, ਜੋ ਅਫਸਾਨਾ ਦੀ ਅਸਲ ਪਰਖ ਨਹੀਂ ਕਰ ਸਕਿਆ। ਅਫਸਾਨਾ ਬਾਦਲ ਪਿੰਡ ਦੀਆਂ ਗਲੀਆਂ ਤੋਂ ਨਿਕਲ ਕੇ ਅੱਜ ਜਿਸ ਮੁਕਾਮ 'ਤੇ ਪਹੁੰਚੀ ਹੈ, ਉਹ ਸਿੱਧੂ ਦਾ ਹੱਥ ਫੜ ਕੇ ਹੀ ਸੰਭਵ ਹੋਇਆ ਸੀ।"
ਘੁੰਮਣ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਫਸਾਨਾ ਖਾਨ ਆਪਣੇ ਆਪ ਨੂੰ ਸਿੱਧੂ ਦੀ ਮੂੰਹ ਬੋਲੀ ਭੈਣ ਕਹਾਉਂਦੀ ਸੀ ਅਤੇ ਜ਼ੀਰੋ ਗਰਾਊਂਡ 'ਤੇ ਹੁੰਦਿਆਂ ਉਸ ਨੂੰ ਰੱਖੜੀਆਂ ਬੰਨ੍ਹਦੀ ਸੀ, ਪਰ ਅੱਜ ਉੱਚਾਈਆਂ 'ਤੇ ਪਹੁੰਚ ਕੇ ਸਭ ਭੁੱਲ ਗਈ। ਉਨ੍ਹਾਂ ਸਿਆਣਿਆਂ ਦੀ ਕਹਾਵਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੋ ਦਰਦ ਸਕੀ ਭੈਣ ਸਮਝ ਸਕਦੀ ਹੈ, ਉਹ ਹੋਰ ਕੋਈ ਨਹੀਂ। ਉਨ੍ਹਾਂ ਅਫਸਾਨਾ ਦੇ ਉਸ ਬਿਆਨ ਦੀ ਵੀ ਨਿੰਦਾ ਕੀਤੀ ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਹ ਮੁਕਾਮ ਆਪਣੇ ਦਮ 'ਤੇ ਹਾਸਲ ਕੀਤਾ ਹੈ।
ਆਪਣੀ ਭੜਾਸ ਕੱਢਦਿਆਂ ਬਿੱਲਾ ਘੁੰਮਣ ਨੇ ਕਿਹਾ, "ਅਸੀਂ ਹੁਣ ਤੱਕ ਚੁੱਪ ਸੀ, ਪਰ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ। ਅਫਸਾਨਾ ਪੈਸਾ ਤਾਂ ਬਹੁਤ ਕਮਾ ਲਵੇਗੀ, ਪਰ ਇੱਜ਼ਤ ਨਹੀਂ ਕਮਾ ਸਕਦੀ। ਸਿੱਧੂ ਨੂੰ ਜਿਉਂਦੇ ਜੀਅ ਅਤੇ ਬਾਅਦ ਵਿੱਚ ਵੀ ਬਹੁਤ ਲੋਕਾਂ ਨੇ ਵਰਤਿਆ (use ਕੀਤਾ) ਹੈ।"
ਉਨ੍ਹਾਂ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਅੱਜ ਵੀ ਜਾਰੀ ਹਨ, ਪਰ ਸਿੱਧੂ ਆਪਣੀ ਜ਼ਿੰਦਗੀ ਦਿਲ ਨਾਲ ਜੀਅ ਕੇ ਗਿਆ ਹੈ ਅਤੇ ਕਦੇ ਕਿਸੇ ਅੱਗੇ ਝੁਕਿਆ ਨਹੀਂ। ਉਨ੍ਹਾਂ ਅੰਤ ਵਿੱਚ ਕਿਹਾ ਕਿ ਸਿੱਧੂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ 'ਤੇ ਹਮੇਸ਼ਾ ਰਾਜ ਕਰਦਾ ਰਹੇਗਾ।
Get all latest content delivered to your email a few times a month.