ਤਾਜਾ ਖਬਰਾਂ
ਫ਼ਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਮੱਖੂ ਖੇਤਰ ਅਧੀਨ ਆਉਂਦੇ ਪਿੰਡ ਪੱਧਰੀ ਵਿਖੇ ਦਿਨ-ਦਿਹਾੜੇ ਵਾਪਰੀ ਇੱਕ ਸਨਸਨੀਖੇਜ਼ ਵਾਰਦਾਤ ਦੌਰਾਨ 23 ਸਾਲਾ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਉਰਫ਼ ਦੀਪੂ, ਨਿਵਾਸੀ ਪਿੰਡ ਦੀਨੇ ਕੇ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ, ਇਹ ਖ਼ੂਨੀ ਖੇਡ ਪਰਿਵਾਰਕ ਵਿਵਾਦ ਕਾਰਨ ਖੇਡੀ ਗਈ। ਮ੍ਰਿਤਕ ਦੇ ਭਰਾ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਸਰਬਜੀਤ ਕੌਰ ਦਾ ਵਿਆਹ ਲੱਖੋ ਕੇ ਬਹਿਰਾਮ ਵਿਖੇ ਹੋਇਆ ਸੀ, ਜਿੱਥੇ ਸਹੁਰਾ ਪਰਿਵਾਰ ਉਸ ਨੂੰ ਅਕਸਰ ਤੰਗ-ਪ੍ਰੇਸ਼ਾਨ ਅਤੇ ਮਾਰਕੁੱਟ ਕਰਦਾ ਸੀ। ਇਸੇ ਕਲੇਸ਼ ਤੋਂ ਤੰਗ ਆ ਕੇ ਪਰਿਵਾਰ 15 ਦਿਨ ਪਹਿਲਾਂ ਆਪਣੀ ਧੀ ਨੂੰ ਪੇਕੇ ਘਰ ਲੈ ਆਇਆ ਸੀ।
ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜਦੋਂ ਦਵਿੰਦਰ ਸਿੰਘ ਮੋਟਰਸਾਈਕਲ 'ਤੇ ਬਾਂਹ ਦੀ ਪੱਟੀ ਕਰਵਾਉਣ ਲਈ ਜਾ ਰਿਹਾ ਸੀ, ਤਾਂ ਰਸਤੇ 'ਚ ਦੋ ਗੱਡੀਆਂ ਵਿੱਚ ਆਏ ਉਸ ਦੀ ਭੈਣ ਦੇ ਸਹੁਰੇ ਪਰਿਵਾਰ ਦੇ ਅਸਲਾਧਾਰੀ ਮੈਂਬਰਾਂ ਨੇ ਉਸ ਨੂੰ ਘੇਰ ਲਿਆ। ਹਮਲਾਵਰਾਂ ਨੇ ਦਵਿੰਦਰ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਉਸ ਦੇ ਹੱਥ ਅਤੇ ਦੂਜੀ ਛਾਤੀ ਵਿੱਚ ਜਾ ਲੱਗੀ। ਖ਼ੂਨ ਨਾਲ ਲੱਤਪੱਤ ਹੋ ਕੇ ਡਿੱਗੇ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਜ਼ੀਰਾ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ, ਪਰ ਉਨ੍ਹਾਂ ਦੀਆਂ ਗੱਡੀਆਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਮਾਮਲੇ ਦੀ ਪੁਸ਼ਟੀ ਕਰਦਿਆਂ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੱਖੂ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਰਚਰੀ 'ਚ ਰਖਵਾ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
Get all latest content delivered to your email a few times a month.